Punjab

ਕੱਲ ਭਲਵਾਨਾਂ ‘ਤੇ ਹੋਈ ਪੁਲਿਸ ਕਾਰਵਾਈ ਦਾ ਚੰਡੀਗੜ੍ਹ ‘ਚ ਹੋਇਆ ਵਿਰੋਧ

ਚੰਡੀਗੜ੍ਹ : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਜਿਣਸੀ ਛੇੜਛਾੜ ਵਿਰੁੱਧ ਇਨਸਾਫ ਲਈ ਘੋਲ ਕਰ ਰਹੇ ਭਲਵਾਨਾਂ ਦੇ ਹੱਕ ਵਿੱਚ ਅਤੇ ਦਿੱਲੀ ਪੁਲਿਸ ਦੇ ਜਬਰ ਖਿਲਾਫ਼ ਅਰਥੀ ਫੂਕ ਰੋਸ ਮੁਜਾਹਰਿਆਂ ਲਈ ਪੰਜਾਬ ਭਰ ਵਿੱਚ ਸੱਦੇ ਦਿੱਤੇ ਗਏ ਸਨ। ਜਿਸ ਦੇ ਤਹਿਤ ਅੱਜ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ 29 ਮਈ ਦੀ ਸ਼ਾਮ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਸੈਕਟਰ 17 ਵਿੱਚ  ਭਲਵਾਨਾਂ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ।

ਇਸ ਰੋਸ ਮੁਜਾਹਰੇ ਵਿੱਚ ਵਿਦਿਆਰਥੀਆਂ ਨੇ, ਲੋਕਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਕੱਲ ਵਾਲੀ  ਗੈਰ ਜਮੂਹਰੀ, ਤਾਨਾਸ਼ਾਹ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਪੀ ਐੱਸ ਯੂ (ਲਲਕਾਰ) ਦੇ ਆਗੂਆਂ ਨੇ ਕਿਹਾ ਕਿ  ਬੀਤੇ ਕੱਲ ਦਿੱਲੀ ਪੁਲਿਸ ਨੇ ਸੰਘਰਸ਼ ਕਰਦੇ ਭਲਵਾਨਾਂ ਨੂੰ ਜਬਰਦਸਤੀ ਧੂਹ ਕੇ ਥਾਣੇ ਲੈ ਕੇ ਗਈ, ਜੰਤਰ ਮੰਤਰ ‘ਤੇ ਲੱਗੇ ਟੈਂਟ ਪੱਟ ਦਿੱਤੇ, ਨਵੀਂ ਸੰਸਦ ਸਾਹਮਣੇ ਸ਼ਾਂਤਮਈ ਢੰਗ ਨਾਲ ਇਕੱਠ ਕਰਨ ਤੋਂ ਰੋਕ ਦਿੱਤਾ ਗਿਆ।

ਜਿਨਸੀ ਸੋਸ਼ਣ ਦੀਆਂ ਪੀੜਤਾਂ ਆਪਣੇ ਹੱਕਾਂ ਲਈ ਮਹੀਨੇ ਤੋਂ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੀਆਂ ਹੋਈਆਂ ਹਨ। ਉਹਨਾਂ ਦਾ ਸੰਘਰਸ਼ ਤੋੜਨ ਲਈ ਮੋਦੀ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਮੋਦੀ ਸਰਕਾਰ ਬਲਾਤਕਾਰੀ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਕਰਨ, ਸਜ਼ਾ ਦੇਣ ਦੀ ਥਾਂ ਉਸ ਦੇ ਹੱਕ ਵਿੱਚ ਖੜੀ ਹੈ। ਉਹ ਧੀਆਂ ਜਿਹਨਾਂ ਨੇ ਕੁਸ਼ਤੀ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਉਹ ਅੱਜ ਆਪਣੇ ਮਾਨ ਸਨਮਾਨ ਲਈ ਸੜਕਾਂ ਤੇ ਹਨ ਅਤੇ ਦਿੱਲੀ ਪੁਲਿਸ ਮੋਦੀ ਦੇ ਇਸ਼ਾਰੇ ਤੇ ਨੱਚਦੀ ਹੋਈ ਨੇ ਉਹਨਾਂ ਸੰਘਰਸ਼ ਸ਼ੀਲ ਧੀਆਂ ਨੂੰ ਬੂਟਾਂ ਹੇਠ ਮਿੱਧਿਆ, ਸੜਕਾਂ ਤੇ ਧੂਹਿਆ।

ਉਹਨਾਂ ਇਹ ਵੀ ਕਿਹਾ ਕਿ ਜਥੇਬੰਦੀ ਦੀ ਮੰਗ ਇਹ ਹੈ ਕਿ ਭਾਰਤ ਦੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਸਖਤ ਸਜਾ ਦਿਤੀ ਜਾਵੇ ਤੇ ਉਸ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ।  ਮੋਦੀ ਸਰਕਾਰ ਦਾ ਰਵੱਈਆ ਗੈਰ ਜਮੂਹਰੀ, ਤਾਨਾਸ਼ਾਹ ਹੈ ਜੋ ਸ਼ਾਂਤਮਈ ਮਾਰਚ ਕਰਨ ਨੂੰ ਵੀ ਰੋਕਦਾ ਹੈ। ਰੋਸ ਮੁਜਾਹਰੇ ਵਿੱਚ ਮੋਦੀ ਸਰਕਾਰ ਦੀ ਅਰਥੀ ਵੀ ਫੂਕੀ ਗਈ ਅਤੇ ਰੋਹ ਭਰਪੂਰ ਨਾਹਰੇ ਲਾਏ ਗਏ।