Punjab

ਨੈਣਾ ਨੂੰ ‘ਹਮਦਰਦੀ’ ਦਾ ਬੁਖਾਰ ਆਇਆ ਹੈ! ਗੰਜੀ ਨੂੰ ਕੰਘੀ ਦਾ ਪਿਆਰ ਆਇਆ ਹੈ!

ਬਿਊਰੋ ਰਿਪੋਰਟ : ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਤਿੱਖਾ ਸਿਆਸੀ ਹਮਲਾ ਕਰਨ ਅਤੇ ਕਵਿਤਾ ਦੇ ਜ਼ਰੀਏ ਉਨ੍ਹਾਂ ਨੂੰ ਜ਼ੁਬਾਨ ਦਾ ਫਰਨ ਸਮਝਾਇਆ ਅਤੇ ਰਾਜਧਰਮ ਦਾ ਪਾਠ ਪੜਾਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਹੁਣ ਤੱਕ ਸਿੱਧੂ ਦੇ ਸ਼ਬਦੀ ਹਮਲੇ ਦਾ ਜਵਾਬ ਨਹੀਂ ਦਿੱਤਾ ਹੈ ਪਰ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਜ਼ਰੂਰ ਉਸੇ ਕਵਿਤਾ ਭਰੇ ਅੰਦਾਜ਼ ਵਿੱਚ ਸਿੱਧੂ ਨੂੰ ਕੁਝ ਸਵਾਲਾਂ ਦੇ ਨਾਲ ਤੰਜ ਜ਼ਰੂਰ ਕੱਸਿਆ ਹੈ ।

ਕੰਗ ਦਾ ਸਿੱਧੂ ਨੂੰ ਜਵਾਬ

ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸ਼ਬਦਾਂ ਦੇ ਤੀਰਾਂ ਨਾਲ ਸਿੱਧੂ ਦੇ ਪੁਰਾਣੇ ਬਿਆਨਾਂ ਅਤੇ ਸਿਆਸੀ ਇਨਿੰਗ ਨੂੰ ਅੱਗੇ ਕਰਦੇ ਹੋਏ ਲਿੱਖਿਆ ‘ਕਦੇ ਕਹਿਣਾ ਮੁੰਨੀ ਬਦਨਾਮ ਕਾਂਗਰਸ ਨੂੰ, ਕਦੇ ਕਹਿਣਾ ਅਸਰਦਾਰ ਸੁੱਚੇ ਸਰਦਾਰ ਨੂੰ, ਕਦੇ ਕਹਿਣਾ ਆਊਲ ਬਾਬਾ ਤੇ ਕਦੇ ਪੱਪੂ,ਗੱਲ ਤੇ ਟਿਕਣ ਵਾਲੀ ਤੇ ਥੁੱਕ ਕੇ ਚੱਟਣ ਵਾਲੀ, ਜੁਬਾਨ ਜੁਬਾਨ ਵਿੱਚ ਫ਼ਰਕ ਹੁੰਦਾ। ਪੱਗ ਬੰਨ ਕੇ ਸੋਹਲੇ ਗਾਉਣੇ,ਪੱਗਾਂ ਵਾਲਿਆਂ ਦੇ ਗਲਾਂ ਵਿੱਚ ਬਲਦੇ ਟਾਇਰ ਪਾਉਣ ਵਾਲਿਆ ਦੇ,ਪੱਗ ਬੰਨ ਕੇ ਕਰਨੀ ਸਾਧਨਾ ਝੂਠੇ ਸੌਦੇ ਵਾਲੇ ਬਲਾਤਕਾਰੀ ਸਾਧ ਦੀ,ਇੰਸਾ ਤੇ ਇਨਸਾਨ ਵਿੱਚ ਫਰਕ ਹੁੰਦਾ। ਅਨੰਦ ਮਾਣਿਆ ਤੁਸੀਂ ਵੀ ਪਿੱਛਲੇ ਪੰਦਰਾਂ ਸਾਲ ਤਖ਼ਤਾ ਦਾ,ਠੋਕ ਤਾਲੀਆਂ ਬਣਾ ਕੇ ਕੜਾਹ ਗੱਲਾਂ ਦਾ,ਛੱਡ ਮਹਿਕਮਾ ਬਿਜਲੀ ਦਾ ਭੱਜ ਜਾਣ ਵਾਲੇ ਤੇ 90 ਪਰਸੈਂਟ ਪਰਿਵਾਰਾਂ ਦੀ ਬਿਜਲੀ ਮੁਫ਼ਤ ਕਰਨ ਵਾਲੇ,ਕਦਰਦਾਨ, ਕਦਰਦਾਨ ਵਿੱਚ ਫਰਕ ਹੁੰਦਾ। ਅੰਨ੍ਹੀ ਦਿਆਂ ਨੈਣਾ ਨੂੰ ਹਮਦਰਦੀ ਦਾ ਬੁਖਾਰ ਆਇਆ ਹੈ,ਅੱਜ ਗੰਜੀ ਨੂੰ ਕੰਘੀ ਦਾ ਪਿਆਰ ਆਇਆ ਹੈ,ਸਿੱਧੂ ਸਾਹਬ ਜਦੋਂ ਵਿਆਹ ਵਿੱਚ ਲੈਣ ਦੇਣ ਵਾਲਾ ਸੂਟ ਲਿਫਾਫੇ ਵਿੱਚੋ ਬਾਹਰ ਆਜੇ,ਫੇਰ ਕੋਈ ਕਾਂਗਰਸੀ ਨਹੀਂ ਕਹਿੰਦਾ ਮੇਰਾ ਯਾਰ ਆਇਆ ਹੈ ਮੇਰਾ ਗੁਲਜ਼ਾਰ ਆਇਆ ਹੈ।

ਸਿੱਧੂ ਦਾ ਸੀਐੱਮ ਮਾਨ ਨੂੰ ਸਵਾਲ

ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਮਾਨ ਨੂੰ ਟਵੀਟ ਕਰਦੇ ਹੋਏ ਲਿਖਿਆ ‘ਇਕ ਦੇਕੇ ਸੀਸ ਬਚਨ ਪੁਗਾਉਂਦੇ ਨੇ .. ਇਕ ਕਹਿ ਕੇ ਮੁੱਕਰ ਜਾਣ ਮਿੱਤਰਾ .. ਕਹਿਣੀ ਹੋਰ ਤੇ ਕਥਨੀ ਹੋਰ …. ਜ਼ੁਬਾਨ ਜ਼ੁਬਾਨ ਵਿੱਚ ਬਹੁਤ ਫਰਕ ਹੁੰਦਾ ਏ,ਬੰਨ ਕੇਸਰੀ ਦੇਸ਼ ਖਾਤਰ ਸ਼ਹੀਦ ਹੋਣਾ ਤੇ ਦੂਜਾ ਸਜਾਉਣਾ ਸਿਰ ਤੇ ਸਿਹਰਾ ਮਿੱਤਰਾ… ਇਨਕਲਾਬ ਇਨਕਲਾਬ ਵਿੱਚ ਬਹੁਤ ਫਰਕ ਹੁੰਦਾ ਏ,ਬੈਠ ਤਖਤ ਤੇ ਇਨਸਾਫ਼ ਕਰਨਾ .. ਤੇ ਦੂਜਾ ਹਰ ਇਨਸਾਫ਼ ਨੂੰ ਛਿੱਕੇ ਟੰਗਣਾ,ਮਿੱਤਰਾ …ਰਾਜੇ ਰਾਜੇ ਵਿੱਚ ਬਹੁਤ ਫਰਕ ਹੁੰਦਾ ਏ,ਇਕ ਸਿਆਹੀ “ਹਮਦਰਦ ਦੀ” ਜੋ ਲਿਖੇ ਦਰਦ ਪੰਜਾਬੀਆਂ ਦਾ … ਤੇ ਦੂਜੀ ਹਰੀ ਸਿਆਹੀ ਜਨਾਬ ਦੀ ਜਿਹੜੀ ਕਰੇ ਫੌਕੇ ਐਲਾਨ ਮਿੱਤਰਾ,ਸੱਚ ਕਿਹਾ ਸਿਆਣਿਆਂ ਨੇ … ਸਿਆਹੀ ਸਿਆਹੀ,ਵਿੱਚ ਬੜਾ ਫਰਕ ਹੁੰਦਾ ਏ। ਸਿੱਧੂ ਨੇ ਅਖੀਰ ਵਿੱਚ ਲਿਖਿਆ, ‘ਬੋਨਾ ਫਿਰ ਬੋਨਾ ਹੁੰਦਾ ਹੈ ਭਾਵੇਂ ਪਰਵਤ ਦੇ ਸ਼ਿਖਰ ‘ਤੇ ਖੜਾ ਹੋਵੇ, ਦੇਵਤਾ ਫਿਰ ਦੇਵਤਾ ਹੁੰਦਾ ਹੈ, ਭਾਵੇ ਉਹ ਖੂਹ ਦੀ ਗਹਿਰਾਈ ਵਿੱਚ ਖੜਾ ਹੋਵੋ’

ਦਿੱਲੀ ਵਿੱਚ ਮਤਾ ਹੋਇਆ ਪਾਸ

ਦਿੱਲੀ ਵਿੱਚ ਕਾਂਗਰਸ ਆਲਾਕਮਾਨ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਦਿੱਲੀ ਦੇ ਪਾਵਰ ਆਡੀਨੈਸ ‘ਤੇ ਆਮ ਆਦਮੀ ਪਾਰਟੀ ਨੂੰ ਹਮਾਇਤ ਦਿੱਤੀ ਜਾਵੇ ਜਾਂ ਨਹੀਂ ਇਸ ਦੇ ਸਲਾਹ ਮੰਗਣ ਦੇ ਲਈ ਬੁਲਾਇਆ ਸੀ । ਪੰਜਾਬ ਕਾਂਗਰਸ ਨੇ ਇੱਕ ਸੁਰ ਵਿੱਚ ਆਲ ਕਮਾਨ ਨੂੰ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਰਾਜਸਭਾ ਵਿੱਚ ਖੜਾ ਨਾ ਹੋਇਆ ਜਾਵੇ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਨੇ ਇੱਕ ਹੋਰ ਮਤਾ ਪਾਸ ਕਰਕੇ 1 ਜੂਨ 2023 ਨੂੰ ਦੁਪਹਿਰ 1 ਵਜੇ ਅਜੀਤ ਅਖਬਾਰ ਦੇ ਦਫਤਰ ਸਾਹਮਣੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ । ਇਸ ਮਤੇ ‘ਤੇ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ, ਮਨੀਸ਼ ਤਿਵਾਰੀ,ਹਰੀਸ਼ ਚੌਧਰੀ,ਰਾਜਾ ਵੜਿੰਗ,ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਹੋਰ ਆਗੂਆਂ ਨੇ ਹਸਤਾਖਰ ਕੀਤੇ ਹਨ। ਮਤੇ ਵਿੱਚ ਲਿਖਿਆ ਹੈ ਕਿ ਪੰਜਾਬ ਦੀ ਆਪ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਹੁਣ ਹਾਲਤ ਇਹ ਹੋ ਗਈ ਹੈ ਨਿਰਪੱਖ ਮੀਡੀਆ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ,ਕਿਉਂਕਿ ਸਰਕਾਰ ਆਪਣੀ ਕਿਸੇ ਵੀ ਪਾਲਿਸੀ ਦਾ ਵਿਰੋਧ ਨਹੀਂ ਸੁਣਨਾ ਚਾਹੁੰਦੀ ਹੈ, ਕਾਂਗਰਸ ਨੇ ਆਪਣੇ ਮਤੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ,ਧਾਰਮਿਕ ਸੰਸਥਾਵਾਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ।