ਬਠਿੰਡਾ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (Shiromani Akali Dal Amritsar)ਵਲੋਂ ਲੱਖਾ ਸਿਧਾਣਾ(Lakha Sidhana )ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਹ ਐਲਾਨ ਅੱਜ ਬਠਿੰਡਾ ਵਿਖੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਕੀਤਾ ਗਿਆ। ਲੱਖਾ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੁਣ ਤੱਕ ਕੁਲ 11 ਉਮੀਦਵਾਰ ਐਲਾਨ ਦਿੱਤੇ ਗਏ ਹਨ।\
ਇੱਕ ਪ੍ਰੈਸ ਕੈਨਫਰੰਸ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਦੱਸਿਆ ਕਿ ਉਹਨਾਂ ਦੀ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਹੈ। ਸਮਾਜ ਸੇਵੀ ਲੱਖਾ ਸਿਧਾਣਾਂ ਨੂੰ ਉਸਦੀਆਂ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਪੰਜਾਬ ਨੂੰ ਠੱਗਾਂ ਤੋਂ ਬਚਾ ਕੇ ਤਰੱਕੀ ਤੇ ਖੁਸ਼ਹਾਲੀ ਦੇ ਰਾਹ ‘ਤੇ ਲਿਜਾਣ ਲਈ ਲੋਕ ਪੱਖੀ ਆਗੂਆਂ ਦੀ ਬੇਹੱਦ ਸਖਤ ਲੋੜ ਹੈ।ਉਹਨਾਂ ਕਿਹਾ ਕਿ ਪਾਰਟੀ ਵੱਲੋਂ ਲੋਕ ਸਭਾ ਚੋਣ ਕਿਸਾਨ, ਮਜ਼ਦੂਰ, ਘੱਟ ਗਿਣਤੀਆਂ ਅਤੇ ਦਲਿਤਾਂ ਦੇ ਹੱਕਾਂ ਦੀ ਰੱਖਿਆ, ਆਮ ਲੋਕਾਂ ਲਈ ਬਰਾਬਰ ਦੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਅਤੇ ਸੁਚਾਰੂ ਰਾਜ ਪ੍ਰਬੰਧਾਂ ਦੇ ਮੁੱਦਿਆਂ ‘ਤੇ ਲੜੀ ਜਾਵੇਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦੋ ਵਾਰੀ ਸੁੂਚੀ ਜਾਰੀ ਕਰਕੇ ਪੰਜਾਬ ਦੀਆਂ ਹੋਰ 10 ਲੋਕ ਸਭਾ ਸੀਟਾਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਲੱਖਾ ਸਿਧਾਣਾ ਸਮੇਤ ਹੁਣ ਕੁੱਲ 11 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਹਨ।
ਦੱਸ ਦਈਏ ਕਿ ਲੱਖਾ ਸਿਧਾਣਾ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਸੀ ਤੇ ਉਹ ਪਿਛਲੇ ਕਾਫੀ ਦਿਨਾਂ ਤੋਂ ਇਲਾਕੇ ਵਿਚ ਸਰਗਰਮ ਵੀ ਨਜ਼ਰ ਆ ਰਹੇ ਸਨ। ਲੱਖਾ ਸਿਧਾਣਾ ਨੇ ਹਲਕਾ ਮੌੜ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।