India Punjab

ਗ੍ਰਿਫਤਾਰ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ 11-12 ਫਰਵਰੀ ਤੋਂ ਬਾਅਦ ਗੁਰਦੁਆਰਾ ਰਕਾਬ ਗੰਜ ਸਾਹਿਬ ਆਉਣ ਦੀ ਅਪੀਲ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ-6 ਫਰਵਰੀ ਦਾ ਪ੍ਰੋਗਰਾਮ ਹਿਲਾ ਦੇਵੇਗਾ ਸਰਕਾਰ ਨੂੰ

‘ਦ ਖ਼ਾਲਸ ਬਿਊਰੋ :-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 6 ਫਰਵਰੀ ਦਾ ਪ੍ਰੋਗਰਾਮ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਕੋਈ ਟਵੀਟ ਕਰ ਦੇਵੇ ਤਾਂ ਉਸ ‘ਤੇ ਪਰਚਾ ਦਰਜ ਕੀਤਾ ਜਾਂਦਾ ਹੈ ਪਰ ਜੇ ਭਾਜਪਾ ਦੇ ਲੋਕ ਕਿਸਾਨੀ ਅੰਦੋਲਨ ‘ਚ ਆ ਕੇ ਪੱਥਰਬਾਜ਼ੀ ਕਰਨ ਤਾਂ ਉਸ ‘ਤੇ ਕੋਈ ਪਰਚਾ ਦਰਜ ਨਹੀਂ ਕੀਤਾ ਜਾਂਦਾ। ਕਿਸਾਨਾਂ ਨੇ 6 ਫਰਵਰੀ ਨੂੰ ਪੂਰੇ ਦੇਸ਼ ਵਿੱਚ 12 ਤੋਂ 3 ਵਜੇ ਤੱਕ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਹੈ। ਪੰਧੇਰ ਨੇ ਟਰੈਕਟਰ ਪਰੇਡ ਦੌਰਾਨ ਗ੍ਰਿਫਤਾਰ ਹੋਏ ਨੌਜਵਾਨ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਣੇ ਮੈਂਬਰਾਂ ਦੇ ਨਾਲ ਮਿਲਣ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ 11-12 ਫਰਵਰੀ ਤੋਂ ਬਾਅਦ ਗੁਰਦੁਆਰਾ ਰਕਾਬ ਗੰਜ ਸਾਹਿਬ ਆਉਣ ਦੀ ਅਪੀਲ ਕੀਤੀ ਤਾਂ ਜੋ ਗ੍ਰਿਫਤਾਰ ਹੋਏ ਨੌਜਵਾਨਾਂ ਨੂੰ ਛੁਡਾਉਣ ਦੀ ਮਦਦ ਕੀਤੀ ਜਾਵੇ। ਪੰਧੇਰ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਮਦਦ ਦੇ ਲਈ ਉਨ੍ਹਾਂ ਦੇ ਸਾਰੇ ਦਸਤਾਵੇਜ਼ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਕਾਨੂੰਨੀ ਪੈਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਹ ਦੱਸਣ ਵਿੱਚ ਨਾਕਾਮ ਰਹੀ ਹੈ ਕਿ ਇੰਟਰਨੈੱਟ ਬੰਦ ਕਿਉਂ ਕੀਤਾ ਗਿਆ ਹੈ, ਬੈਰੀਕੇਡਿੰਗ ਕਿਉਂ ਕੀਤੀ ਗਈ ਹੈ। ਪੰਧੇਰ ਨੇ ਸਾਰੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਖਿਲਾਫ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ।