Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੁੰਡਲੀ ਬਾਰਡਰ ‘ਤੇ ਧਰਨਾ ਲਾ ਕੇ ਦਿੱਲੀ ਦਾ ਇੱਕ ਹੋਰ ਬਾਰਡਰ ਕੀਤਾ ਜਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੋਦੀ ਮੀਡੀਆ ਕਿਸਾਨੀ ਅੰਦੋਲਨ ਬਾਰੇ ਕੁੱਝ ਅਜਿਹੇ ਸਵਾਲ ਕਰਕੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਨਕਸਲੀ ਅਤੇ ਖਾਲਿਸਤਾਨੀ ਸਾਬਤ ਕਰਨ ‘ਤੇ ਜ਼ੋਰ ਲਗਾ ਰਿਹਾ ਹੈ, ਜਦਕਿ ਲੋਕਤੰਤਰ ਦੇ ਚੌਥੇ ਥੰਮ ਦਾ ਵੱਡਾ ਹਿੱਸਾ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਅ ਕੇ ਲੋਕਾਂ ਦੀ ਅਵਾਜ਼ ਘਰ-ਘਰ ਪਹੁੰਚਾ ਰਿਹਾ ਹੈ।

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਵੱਡੀ ਗਿਣਤੀ ਵਿੱਚ ਦਿੱਲੀ ਅੰਦਰ ਦਾਖਲ ਹੋ ਕੇ ਕੁੰਡਲੀ ਬਾਰਡਰ ‘ਤੇ ਜਾਮ ਲਗਾ ਕੇ ਮੋਦੀ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਦਿੱਲੀ ਦਾ ਇੱਕ ਹੋਰ ਬਾਰਡਰ ਜਾਮ ਹੋ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਸ਼ਰਤਾਂ ਮੁਤਾਬਕ ਦਿੱਲੀ ਸਰਕਾਰ ਨਾਲ ਗੱਲਬਾਤ ਨਹੀਂ ਹੋ ਸਕਦੀ।

ਕਿਸਾਨਾਂ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਦੇਣਾ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਸਹੀ ਹਨ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੜਕਾਉਣ ਵਾਲਾ ਹੈ ਅਤੇ ਲੋਕਾਂ ਦੀ ਅਵਾਜ਼ ਸੁਨਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੀ ਅਵਾਜ ਸੁਣੀ ਜਾ ਰਹੀ ਹੈ।

ਇਸਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਰੇਲ ਰੋਕੋ ਅੰਦੋਲਨ 68ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਅੰਦੋਲਨ ਨੂੰ ਲੰਬਾ ਚਲਾਇਆ ਜਾਵੇਗਾ ਅਤੇ ਦਿੱਲੀ ਕੂਚ ਲਈ ਕਿਸਾਨਾਂ ਦਾ ਦੂਸਰਾ ਜਥਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਹਜ਼ਾਰਾਂ ਟਰਾਲੀਆਂ ਨਾਲ ਰਵਾਨਾ ਕੀਤਾ ਜਾਵੇਗਾ।

Comments are closed.