Punjab

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸਾਨੀ ਸੰਘਰਸ਼ ਦੀ ਸਫਲਤਾ ਦੀ ਅਰਦਾਸ ਕਰਕੇ 50 ਹਜ਼ਾਰ ਕਿਸਾਨਾਂ ਦਾ ਕਾਫਲਾ ਦਿੱਲੀ ਨੂੰ ਹੋਇਆ ਰਵਾਨਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ, ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸਾਨੀ ਅੰਦੋਲਨ ਦੀ ਸਫਲਤਾ ਦੀ ਅਰਦਾਸ ਕਰਕੇ ਦੂਸਰਾ ਜਥਾ ਦਿੱਲੀ ਨੂੰ ਰਵਾਨਾ ਕਰ ਦਿੱਤਾ ਹੈ। ਇਸ ਜਥੇ ਵਿੱਚ ਕਰੀਬ 50 ਹਜ਼ਾਰ ਕਿਸਾਨ-ਮਜ਼ਦੂਰ ਸ਼ਾਮਿਲ ਹਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਜਥਾ ਸ਼ੰਭੂ ਬਾਰਡਰ ਨੂੰ ਪਾਰ ਕਰਕੇ ਰਾਤ ਨੂੰ ਪਿੱਪਲੀ ਦੇ ਨੇੜੇ ਸ਼ਾਹਬਾਜ਼ ਮਾਰਕੰਡਾ ‘ਤੇ ਰੁਕੇਗਾ। ਅਗਲੇ ਦਿਨ ਉਨ੍ਹਾਂ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ।

ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਨੂੰ ਅਲੱਗ ਰੂਪ ਦੇਣ ‘ਤੇ ਪੰਧੇਰ ਨੇ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ਦੀ ਪਹਿਲਾਂ ਤੋਂ ਨੀਤੀ ਰਹੀ ਹੈ ਕਿ ਜਦੋਂ ਵੀ ਹੱਕਾਂ ਲਈ, ਲੋਕ ਪੱਖੀ ਅੰਦੋਲਨ ਚੱਲਦਾ ਹੈ ਤਾਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਕਿਸਾਨੀ ਅੰਦੋਲਨ ਨੂੰ ਚੀਨ-ਪਾਕਿਸਤਾਨ ਨਾਲ ਜੋੜਨਾ ਗਲਤ ਗੱਲ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਹਿਲਾ ਜਥਾ 27 ਨਵੰਬਰ ਨੂੰ ਗੋਲਡਨ ਗੇਟ, ਨਿਊ ਅੰਮ੍ਰਿਤਸਰ ਤੋਂ ਦਿੱਲੀ ਨੂੰ ਰਵਾਨਾ ਕੀਤਾ ਸੀ, ਜੋ ਕਿ ਕੁੰਡਲੀ ਬਾਰਡਰ ‘ਤੇ ਧਰਨਾ ਲਾ ਕੇ ਬੈਠਾ ਹੋਇਆ ਹੈ।