Punjab

ਨਿਕਲ ਗਈ ਲੰਡਨ ਦੀ ਫਲਾਈਟ,ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਆਪਣੇ ਮੁਲਕ ਜਾਣ ਤੋਂ ਰੋਕਿਆ ! ਘਰ ਵਾਪਸ ਭੇਜਿਆ !

ਬਿਊਰੋ ਰਿਪੋਰਟ : ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਬ੍ਰਿਟੇਨ ਨਹੀਂ ਜਾਣ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਵਾਪਸ ਪਿੰਡ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਸਾਫ ਕੀਤਾ ਹੈ ਕਿ ਕਿਰਨਦੀਪ ਕੌਰ ਨੂੰ ਡਿਟੇਨ ਨਹੀਂ ਕੀਤਾ ਗਿਆ ਸੀ। ਸਿਰਫ ਇਮੀਗਰੇਸ਼ਨ ਵਿਭਾਗ ਵੱਲੋਂ ਪੁੱਛ-ਗਿੱਛ ਕੀਤੀ ਗਈ । ਉਨ੍ਹਾਂ ਦੀ ਢਾਈ ਵਜੇ ਦੀ ਬਰਮਿੰਘਮ ਦੀ ਫਲਇਟ ਸੀ ਪਰ ਉਨ੍ਹਾਂ ਨੂੰ ਬੋਰਡਿੰਗ ਨਹੀਂ ਕੀਤਾ ਗਿਆ।

ਇੰਝ ਵਾਪਰਿਆ ਸਾਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਕਿਰਨਦੀਪ ਤੋਂ ਏਅਰਪੋਰਟ ਦੇ ਅੰਦਰ ਹੀ ਸਾਢੇ 12 ਵਜੇ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ। ਅੰਮ੍ਰਿਤਸਰ ਪੁਲਿਸ ਦੀ SSP ਜਸਵੰਤ ਕੌਰ ਵੀ ਏਅਰਪੋਰਟ ਪਹੁੰਚੀ ਸੀ। ਕਿਰਨਦੀਪ ਕੌਰ ਕੋਲ UK ਦੀ ਨਾਗਰਿਕਤਾ ਹੈ। ਉਹ ਸਵੇਰ 11:30 ਵਜੇ ਏਅਰਪੋਰਟ ਪਹੁੰਚੀ ਅਤੇ ਸੁਰੱਖਿਆ ਚੈਕਿੰਗ ਤੋਂ ਬਾਅਦ ਇਮੀਗ੍ਰੇਸ਼ਨ ਕਾਊਂਟਰ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਏਜੰਸੀਆਂ ਨੂੰ ਇਤਲਾਹ ਕੀਤਾ ਗਿਆ। ਉਸ ਤੋਂ ਬਾਅਦ ਕਿਰਨਦੀਪ ਕੌਰ ਨੂੰ ਇੱਕ ਵਖਰੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਕੋਲੋ ਪੁੱਛ-ਗਿੱਛ ਸ਼ੁਰੂ ਕੀਤੀ ਗਈ। ਕਿਰਨਦੀਪ ਕੌਰ ਨੂੰ ਕਿਉਂ ਰੋਕਿਆ ਗਿਆ ਇਸ ਬਾਰੇ ਹੁਣ ਤੱਕ ਕੋਈ ਪੁੱਖਤਾ ਜਾਣਕਾਰੀ ਹਾਸਲ ਨਹੀਂ ਹੋਈ ਹੈ ।

ਕੋਈ ਕੇਸ ਨਾ ਹੋਣ ਦੇ ਬਾਵਜੂਦ ਕਿਉਂ ਰੋਕਿਆ ਗਿਆ
ਵੱਡਾ ਸਵਾਲ ਇਹ ਹੈ ਕਿ ਫਿਲਹਾਲ ਕਿਰਨਦੀਪ ਕੌਰ ਦੇ ਖਿਲਾਫ਼ ਭਾਰਤ ਵਿੱਚ ਕੋਈ ਵੀ ਕੇਸ ਦਰਜ ਨਹੀਂ ਹੈ। ਉਨ੍ਹਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਨਹੀਂ ਜਾਰੀ ਕੀਤਾ ਗਿਆ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਬ੍ਰਿਟੇਨ ਜਾਣ ਤੋਂ ਕਿਉਂ ਰੋਕਿਆ ਗਿਆ। ਇਸ ਤੋਂ ਅੱਗੇ ਯੂਕੇ ਦੀ ਨਾਗਰਿਕਤਾ ਹੋਣ ਦੀ ਵਜ੍ਹਾ ਕਰਕੇ ਕਿਰਨਦੀਪ ਕੌਰ ਭਾਰਤ ਵਿੱਚ 180 ਦਿਨ ਤੋਂ ਵੱਧ ਨਹੀਂ ਰਹਿ ਸਕਦੀ ਹੈ। ਉਨ੍ਹਾਂ ਨੇ ਆਪ ਇੱਕ ਇੰਟਰਵਿਊ ਵਿੱਚ ਇਸ ਦੀ ਜਾਣਕਾਰੀ ਦਿੱਤੀ ਸੀ।

ਇੰਟਰਵਿਊ ‘ਚ ਕਹੀ ਸੀ ਵੱਡੀ ਗੱਲ

ਸਿਰਫ ਇੰਨਾ ਹੀ ਨਹੀਂ ਕਿਰਨਦੀਪ ਕੌਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ‘ਉਹ ਭੱਜਣ ਵਾਲੀ ਨਹੀਂ ਹੈ।’ ਮਾਰਚ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਕਿਰਨਦੀਪ ਕੌਰ ਨੇ ਦੱਸਿਆ ਸੀ ਕਿ ‘ਮੈਨੂੰ ਭਾਰਤ ਵਿੱਚ 2 ਮਹੀਨੇ ਹੋ ਚੁੱਕੇ ਹਨ, ਮੈਂ ਕਾਨੂੰਨ ਦੇ ਮੁਤਾਬਿਕ 180 ਦਿਨ ਹੀ ਰੁਕ ਸਕਦੀ ਹਾਂ, ਇਹ ਮੇਰਾ ਘਰ ਹੈ ।’ ਕਿਰਨਦੀਪ ਨੇ ਇਹ ਵੀ ਸਾਫ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਰਿਵਰਸ ਮਾਈਗ੍ਰੇਸ਼ਨ ਹੈ।

10 ਫਰਵਰੀ ਨੂੰ ਹੋਇਆ ਸੀ ਵਿਆਹ

ਅੰਮ੍ਰਿਤਪਾਲ ਸਿੰਘ ਅਤੇ ਕਿਰਨਦੀਪ ਕੌਰ ਦਾ ਵਿਆਹ 10 ਫਰਵਰੀ ਨੂੰ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਹੋਇਆ ਸੀ। ਵਿਆਹ ਸਮਾਗਮ ਬਹੁਤ ਦੀ ਹੀ ਸਾਦਗੀ ਦੇ ਨਾਲ ਹੋਇਆ ਸੀ। ਕਿਰਨਦੀਪ ਕੌਰ ਜਲੰਧਰ ਦੇ ਕੁਲਾਰਾਂ ਪਿੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਇੰਗਲੈਂਡ ਚਲਾ ਗਿਆ ਸੀ।