Punjab

ਖੇਡਾਂ ਵਤਨ ਪੰਜਾਬ ਦੀਆਂ ਨੇ ਖਿਡਾਰੀਆਂ ਦਾ ਮੋਹ ਲਿਆ ਦਿਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਗਦੇ ਛੇਵੇਂ ਦਰਿਆ ਦੇ ਵਹਾਅ ਨੂੰ ਡੱਕਣ ਲਈ ਖੇਡਾਂ ਵਤਨ ਪੰਜਾਬ ਦੀਆਂ ਦਾ ਸੁਪਨਾ ਲਿਆ ਹੈ। ਖੇਡਾਂ ਦਾ ਮਹਾਂਕੁੰਭ ਜਿਹਦਾ ਆਗਾਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੰਘੇ ਕੱਲ੍ਹ ਜਲੰਧਰ ਦੇ  ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕੀਤਾ ਸੀ, ਅੱਜ ਦੂਜੇ ਦਿਨ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਤੋਂ ਸ਼ਾਨਦਾਰ ਆਗਾਜ਼ ਹੋਇਆ ਹੈ।

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਖੇਡਾਂ ਦੀ ਸ਼ੁਰੂਆਤ ਦਾ ਰਸਮੀ ਐਲਾਨ ਕੀਤਾ ਗਿਆ ਤੇ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਖੇਡਾਂ ਵਿਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲਗਭਗ 2 ਮਹੀਨੇ ਚੱਲਣ ਵਾਲੀਆਂ ਖੇਡਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਲਈ  ਖੇਡ ਵਿਭਾਗ , ਸਿੱਖਿਆ ਵਿਭਾਗ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਬਲਾਕ ਪੱਧਰੀ ਖੇਡਾਂ ਵਿਚ ਜਿਲ੍ਹਾ ਕਪੂਰਥਲਾ ਦੇ 7000 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਨੂੰ ਕ੍ਰਾਂਤੀਕਾਰੀ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ ਹੇਠਲੇ ਪੱਧਰ ’ਤੇ ਖੇਡ ਸੱਭਿਆਚਾਰ ਪੈਦਾ ਹੋਵੇਗਾ ਸਗੋਂ ਨਸ਼ੇ ਵਿਰੁੱਧ ਮੁਹਿੰਮ ਨੂੰ ਵੀ ਵੱਡਾ ਹੁਲਾਰਾ ਮਿਲੇਗਾ।

ਲਗਭਗ ਦੋ ਮਹੀਨੇ ਦੇ ਕਰੀਬ ਚੱਲਣ ਵਾਲੇ ਇਸ ਖੇਡ ਕੁੰਭ ਵਿੱਚ ਹਰੇਕ ਉਮਰ ਵਰਗ ਦੇ ਚਾਰ ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਜੇਤੂਆਂ ਨੂੰ ਛੇ ਕਰੋੜ ਦੇ ਨਕਦ ਇਨਾਮ ਦਿੱਤੇ ਜਾਣੇ ਹਨ। 28 ਖੇਡਾਂ ਵਿੱਚ ਚਾਰ ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਸਕੂਲ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਸੀ ਜਿਹੜੀਆਂ ਕਿ ਵਿੱਤੀ ਸੰਕਟ ਕਾਰਨ ਕਈ ਸਾਲ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪੰਜਾਬ ਸਰਕਾਰ ਨੇ ਦੁਬਾਰਾ ਤੋਂ ਯੁਵਕਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਦੇਣ ਲਈ ਖੇਡਾਂ ਵਤਨ ਪੰਜਾਬ ਦੀਆਂ ਦਾ ਕਰਾਉਣ ਦਾ ਬੀੜਾ ਚੁੱਕਿਆ ਹੈ। ਇਹ ਖੇਡਾਂ ਹਰ ਸਾਲ ਹੋਇਆ ਕਰਨਗੀਆਂ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਖੇਡ ਜਗਤ ਵਿੱਚ ਨਵੀਂ ਸਵੇਰ ਲੈ ਕੇ ਆਉਣ ਦਾ ਪ੍ਰਣ ਕੀਤਾ ਹੈ।

ਮੁੱਖ ਮੰਤਰੀ ਨੇ ਖੇਡਾਂ ਦਾ ਆਗਾਜ਼ ਕਰਨ ਤੋਂ ਬਾਅਦ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਨਵੀਂ ਖੇਡ ਨੀਤੀ ਲੈ ਕੇ ਆ ਰਹੀ ਹੈ। ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਕੌਮਾਂਤਰੀ ਪੱਧਰ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸ ਮੌਕੇ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਰਹੇਗਾ ਵੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਲਈ ਵਿਸ਼ੇਸ਼ ਬਜਟ ਦਾ ਬੰਦੋਬਸਤ ਕਰੇਗੀ।

ਖੇਡਾਂ ਵਤਨ ਪੰਜਾਬ ਦੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੂਜੇ ਸੂਬੇ ਦੀਆਂ ਸਰਕਾਰਾਂ ਵੀ ਉਹੋ ਜਿਹੇ ਖੇਡ ਮੇਲੇ ਕਰਵਾਉਣ ਬਾਰੇ ਸੋਚਣ ਲਈ ਮਜ਼ਬੂਰ ਹੋਣਗੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਨਾਂ ਉੱਚਾ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਵਾਲਾ ਮੁਲਕ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਪੰਜਾਬ ਦੀ ਸ਼ਮੂਲੀਅਤ ਵਧਾਉਣ ਦਾ ਐਲ਼ਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਖਿਡਾਰੀ ਓਲੰਪਿਕ ਤਗਮਾ ਜਿੱਤਿਆ ਕਰਨਗੇ। ਜਲੰਧਰ ਸ਼ਹਿਰ ਖੇਡ ਸਨਅਤ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਜਲੰਧਰ ਸ਼ਹਿਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਥੋਂ ਬਣੇ ਫੁੱਟਬਾਲ ਨਾਲ ਵਿਸ਼ਵ ਕੱਪ ਖੇਡਿਆ ਜਾਂਦਾ ਹੈ ਅਤੇ ਇੱਥੋਂ ਬਣੇ ਬੱਲਿਆਂ ਨਾਲ ਹੀ ਕ੍ਰਿਕਟ ਵਿੱਚ ਚੌਕੇ ਛੱਕੇ ਵੱਜਦੇ ਹਨ।