‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਾਲ 2017 ਵਿੱਚ ਦਰਜ ਹੋਏ ਮਾਮਲੇ ਨੂੰ ਲੈ ਕੇ ਜ਼ੀਰਾ ਅਦਾਲਤ ਵਿਚ ਪੇਸ਼ ਹੋਏ ਪਰ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਣੀ ਐੱਸਆਈਟੀ ਮੂਹਰੇ ਹਾਜ਼ਿਰ ਨਹੀਂ ਹੋਏ। ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐੱਸਆਈਟੀ ਵੱਲੋਂ ਹਾਲੇ ਤੱਕ ਕੋਈ ਸੰਮਨ ਨਹੀਂ ਮਿਲੇ ਹਨ ਪਰ ਉਨ੍ਹਾਂ ਨੇ ਮੀਡੀਆ ਵਿੱਚ ਛਪੀਆਂ ਖ਼ਬਰਾਂ ਦੇ ਆਧਾਰ ਉੱਤੇ ਸਿੱਟ ਤੋਂ ਪੇਸ਼ ਹੋਣ ਲਈ ਤਰੀਕ ਮੰਗ ਲਈ ਸੀ। ਐੱਸਆਈਟੀ ਨੇ ਸੁਖਬੀਰ ਬਾਦਲ ਨੂੰ 14 ਸਤੰਬਰ ਨੂੰ ਦੁਬਾਰਾ ਤੋਂ ਤਲਬ ਕਰ ਲਿਆ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ ਸਾਲ 2017 ਬੰਗਾਲੀ ਵਾਲਾ ਪੁਲ ਹਰੀਕੇ ਵਿਖੇ ਕਾਂਗਰਸ ਦੀ ਧੱਕੇਸ਼ਾਹੀਆਂ ਦੇ  ਖ਼ਿਲਾਫ਼ ਦਿਨ ਰਾਤ ਧਰਨਾ ਲਗਾ ਕੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਸੀ। ਪੁਲਿਸ ਵੱਲੋਂ 8 ਸਤੰਬਰ 2017 ਨੂੰ 49 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚ ਸੁਖਬੀਰ ਬਾਦਲ ਵੀ ਸ਼ਾਮਿਲ ਸਨ। ਉਨ੍ਹਾਂ ਦੇ  ਨਾਲ ਕਈ ਹੋਰ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਪਾਰਟੀ ਦੇ ਅਹੁਦੇਦਾਰ ਸ਼ਾਮਿਲ ਸਨ।

Sukhbir-Singh-Badal
ਸੁਖਬੀਰ ਸਿੰਘ ਬਾਦਲ

ਐੱਸਆਈਟੀ ਨੇ ਕਿਹਾ ਕਿ ਪੁਲਿਸ ਅਧਿਕਾਰੀ ਖੁਦ ਸੁਖਬੀਰ ਬਾਦਲ ਦੇ ਘਰ ਸੰਮਨ ਲੈ ਕੇ ਗਏ ਸੀ। ਸੁਖਬੀਰ ਦੇ ਵਿਦੇਸ਼ ਦੌਰੇ ‘ਤੇ ਹੋਣ ਦਾ ਕਹਿ ਕੇ ਸੰਮਨ ਵਾਪਸ ਕੀਤੇ ਗਏ ਸਨ। SIT ਨੇ ਕਿਹਾ ਕਿ ਕੋਰੀਅਰ ‘ਤੇ ਦੋ ਵਾਰ ਭੇਜਿਆ ਸੰਮਨ ਵੀ ਬੇਰੰਗ ਵਾਪਸ ਪਰਤ ਆਇਆ ਸੀ। ਸਾਲ 2015 ਨੂੰ ਪੰਜਾਬ ‘ਚ ਬਾਦਲ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕੋਟਕਪੂਰਾ ‘ਚ ਹੋਏ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਦੇ ਮਾਮਲੇ ‘ਚ ਐੱਸਆਈਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਭੇਜ ਕੇ ਅੱਜ ਲਈ ਤਲਬ ਕਰ ਲਿਆ ਸੀ। ਉਨ੍ਹਾਂ ਨੂੰ ਸਵੇਰੇ ਸਾਢੇ 10 ਵਜੇ ਸੈਕਟਰ-32 ਸਥਿਤ ਪੰਜਾਬ ਪੁਲਿਸ ਆਫਿਸਰਜ਼ ਇੰਸਟੀਚਿਊਟ ‘ਚ ਬੁਲਾਇਆ ਗਿਆ ਸੀ ਪਰ ਅੱਜ ਸੁਖਬੀਰ ਬਾਦਲ ਅਤੇ ਐੱਸ.ਆਈ.ਟੀ. ਸਾਹਮਣੇ ਪੇਸ਼ ਨਹੀਂ ਹੋਏ। 2015 ‘ਚ ਗੋਲੀ ਕਾਂਡ ਦੌਰਾਨ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਤਤਕਾਲੀ ਸਰਕਾਰ ‘ਚ ਡਿਪਟੀ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਪੁਲਿਸ ਦੀ ਗੋਲੀ ਨਾਲ ਦੋ ਸਿੱਖ ਪ੍ਰਦਰਸ਼ਨਕਾਰੀ ਸ਼ਹੀਦ ਹੋ ਗਏ ਸਨ।