International Punjab Religion

ਅੱਜ ਤੋਂ ਖੁੱਲ੍ਹੇਗਾ ਕਰਤਾਰਪੁਰ ਲਾਂਘਾ; ਹੜ੍ਹਾਂ ਦੇ ਹਾਲਾਤ ਕਾਰਨ ਕਈ ਦਿਨਾਂ ਤੋਂ ਬੰਦ

Kartarpur corridor will open from today; Closed for several days due to flood conditions

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ 25 ਜੁਲਾਈ ਤੋਂ ਮੁੜ ਸ਼ੁਰੂ ਹੋ ਰਿਹਾ ਹੈ। ਭਾਰੀ ਮੀਂਹ ਮਗਰੋਂ ਭਾਰਤ-ਪਾਕਿਸਤਾਨ ਸਰਹੱਦ ਉਪਰ ਹੜ੍ਹ ਵਰਗੇ ਬਣੇ ਹਾਲਾਤ ਤੋਂ ਬਾਅਦ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੀਤੇ ਦਿਨ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੇ ਬਾਰਡਰ ਰੇਂਜ ਪੁਲਿਸ ਦੇ ਡੀਆਈਜੀ ਨਰਿੰਦਰ ਭਾਰਗਵ ਨੇ ਕਰਤਾਰਪੁਰ ਲਾਂਘੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈ ਕੇ 25 ਜੁਲਾਈ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹੁਣ ਹਾਲਾਤ ਬਿਲਕੁਲ ਠੀਕ ਹਨ ਤੇ ਕੱਲ੍ਹ ਤੋਂ ਧਾਰਮਿਕ ਯਾਤਰਾ ਮੁੜ ਤੋਂ ਆਰੰਭ ਹੋਵੇਗੀ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੰਗਲਵਾਰ ਤੋਂ ਲਾਂਘਾ ਖੁੱਲ੍ਹ ਰਿਹਾ ਹੈ ਅਤੇ 125 ਸ਼ਰਧਾਲੂਆਂ ਦੇ ਬੇਨਤੀ ਪੱਤਰ ਆਏ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਅਤਿ ਜ਼ਰੂਰੀ ਸ਼ਰਧਾਲੂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਦੇ ਹਨ। ਉਨ੍ਹਾਂ ਇਸ ਗੱਲ ਦਾ ਨਿਖੇੜਾ ਕਰਦਿਆਂ ਦੱਸਿਆ ਕਿ ਵਿਦੇਸ਼ ਤੋਂ ਆਏ ਸ਼ਰਧਾਲੂ ਜਾਂ ਸਿਹਤਯਾਬ ਹੀ ਉੱਧਰ ਜਾ ਸਕਦੇ ਹਨ।

ਡੀਸੀ ਨੇ ਦੱਸਿਆ ਕਿ ਭਾਵੇਂ ਲਾਂਘਾ ਮਾਰਗ ਅਤੇ ਜ਼ੀਰੋ ਲਾਈਨ ਠੀਕ ਕਰ ਦਿੱਤੀ ਗਈ ਹੈ ਪਰ ਫਿਰ ਵੀ ਬਜ਼ੁਰਗਾਂ ਅਤੇ ਸਿਹਤ ਪੱਖੋਂ ਢਿੱਲੇ ਸ਼ਰਧਾਲੂਆਂ ਨੂੰ ਦੁਬਾਰਾ ਤੋਂ ਅਪਲਾਈ ਕਰਨਾ ਪਵੇਗਾ। ਉਧਰ ਡੇਰਾ ਬਾਬਾ ਨਾਨਕ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹੁਣ ਰਾਹਤ ਕਾਰਜਾਂ ’ਚ ਜੁੱਟ ਗਿਆ ਹੈ। ਰਾਹਤ ਟੀਮਾਂ ਵੱਲੋਂ ਡੇਰਾ ਬਾਬਾ ਨਾਨਕ ਨਜ਼ਦੀਕ ਰਾਵੀ ਦਰਿਆ ਤੋਂ ਪਾਰ ਪਿੰਡ ਘਣੀਏ-ਕੇ-ਬੇਟ ਇਲਾਕੇ ਵਿੱਚ ਵੀ ਲਗਾਤਾਰ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਰਾਹਤ ਸਮਗਰੀ ਵੰਡੀ ਜਾ ਰਹੀ ਹੈ। ਰਾਹਤ ਕਾਰਜਾਂ ਵਿੱਚ ਬੀਐੱਸਐੱਫ ਦੇ ਜਵਾਨਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।

ਡੇਰਾ ਬਾਬਾ ਨਾਨਕ ਦੇ ਐੱਸ ਡੀ ਐੱਮ ਅਸ਼ਵਨੀ ਅਰੋੜਾ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਦੇਣ ਦੇ ਨਾਲ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।