ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ ‘ਤੇ NSA ਲਾਏ ਜਾਣ ਤੇ ਉਹਨਾਂ ਨੂੰ ਅਸਾਮ ਦੀਆਂ ਜੇਲ੍ਹਾਂ ਵਿੱਚ ਰੱਖੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕੀਤੀ ਕਾਰਵਾਈ ਨੂੰ 2024 ਵੋਟਾਂ ਲਈ ਡਰਾਮਾ ਕਰਾਰ ਦਿੱਤਾ ਹੈ। ਉਹਨਾਂ ਅੰਮ੍ਰਿਤਪਾਲ ਸਿੰਘ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਹਮਣੇ ਆ ਕੇ ਆਪਣੇ ਕੇਸ ਦਾ ਸਾਹਮਣਾ ਕਰੇ ਅਤੇ ਨੌਜ਼ਵਾਨਾਂ ਦੀ ਅਗਵਾਈ ਕਰਨ।
ਚੰਡੀਗੜ੍ਹ ਦੇ ਸੈਕਟਰ 28 ਵਿੱਚ ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਪੰਜੋਲੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚੋਂ ਸਿੱਖ ਨੌਜਵਾਨਾਂ ਨੂੰ ਫੜ ਕੇ ਅਸਾਮ ਭੇਜੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨਾਲ (2 ਨੂੰ ਛੱਡ ਕੇ) ਮੁਲਾਕਾਤ ਕੀਤੀ ਹੈ।
ਇੰਗਲੈਂਡ ਨਿਵਾਸੀ ਗੁਰਵਿੰਦਰ ਸਿੰਘ ਦਾ ਜ਼ਿਕਰ ਕਰਦਿਆਂ ਪੰਜੋਲੀ ਨੇ ਕਿਹਾ ਕਿ ਉਹ ਇੱਕ ਸਾਧਾਰਣ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ। ਇਸ ਨੌਜਵਾਨ ਨੂੰ ਉਸ ਵੇਲੇ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਫਗਵਾੜੇ ਆਪਣੇ ਵਕੀਲ ਨੂੰ ਮਿਲਣ ਗਿਆ ਸੀ।
ਬਾਜੇ ਕੇ ਪ੍ਰਧਾਨ ਮੰਤਰੀ ਬਾਰੇ ਵੀ ਉਹਨਾਂ ਗੱਲ ਕੀਤੀ ਤੇ ਕਿਹਾ ਕਿ ਇਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਪਹਿਲਾਂ ਨਸ਼ੇ ਕਰਦਾ ਸੀ ਪਰ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਸ ਨੇ ਅੰਮ੍ਰਿਤ ਛੱਕ ਲਿਆ ਸੀ ਤੇ ਹੋਰਨਾਂ ਨੂੰ ਵੀ ਪ੍ਰੇਰਦਾ ਸੀ ਪਰ ਇਸ ਨੂੰ ਵੀ ਖੇਤਾਂ ਵਿਚੋਂ ਪੱਠੇ ਵੱਢਣ ਗਏ ਨੂੰ ਪੁਲਿਸ ਨੇ ਚੁੱਕਿਆ ਹੈ।
ਇਸ ਤੋਂ ਬਾਅਦ ਕੁਲਵੰਤ ਸਿੰਘ ਰਾਉਂਕੇ, ਜੋ ਕਿ ਬਿਜਲੀ ਬੋਰਡ ਦਾ ਮੁਲਾਜ਼ਮ ਹੈ, ਬਾਰੇ ਵੀ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਪਰਿਵਾਰ ਦੇ ਇੱਕ ਮੈਂਬਰ ਦੀ 1984 ਵਿੱਚ ਦਰਬਾਰ ਸਾਹਿਬ ਵਿੱਖੇ ਮੌਤ ਹੋ ਗਈ ਸੀ ਤੇ ਉਸਦੇ ਪਿਤਾ ਨੂੰ ਵੀ 1993 ਵਿੱਚ ਪੁਲਿਸ ਨੇ ਚੁੱਕਿਆ ਸੀ ਪਰ ਅੱਜ ਤੱਕ ਉਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਿਆ ਹੈ। ਘਰ ਵਿੱਚ ਮਾਤਾ ਜੀ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕਿਤੇ ਇਸ ਨੂੰ ਵੀ ਇਸੇ ਤਰਾਂ ਗਾਇਬ ਨਾ ਕਰ ਦਿੱਤਾ ਜਾਵੇ।
ਲਕੜੀ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ ਬੁਕਣਵਾਲਾ ਨੂੰ ਵੀ ਪੁਲਿਸ ਨੇ ਧੱਕੇ ਦੇ ਨਾਲ ਇਸ ਦੇ ਸ਼ੋਅਰੂਮ ਵਿੱਚੋਂ ਚੁੱਕਿਆ ਹੈ ਤੇ ਇਸ ਦੀ ਦੁਕਾਨ ’ਤੇ ਲੱਗੇ ਸੀਸੀਟੀਵੀ ਕੈਮਰੇ ਵੀ ਪੁਲਿਸ ਨੇ ਤੋੜ ਦਿੱਤੇ ਹਨ। ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਬਸੰਤ ਸਿੰਘ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈ।
ਇਹਨਾਂ ਸਾਰਿਆਂ ਦੀ ਜਾਣਕਾਰੀ ਪੱਤਰਕਾਰਾਂ ਅੱਗੇ ਰੱਖਦਿਆਂ ਪੰਜੋਲੀ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਮੁੰਡੇ ਗਰੀਬ ਘਰਾਂ ਨਾਲ ਸੰਬੰਧਤ ਹਨ ਤੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਇਨ੍ਹਾਂ ਦਾ ਨਾ ਤਾਂ ਕੋਈ ਰਾਜਨੀਤਿਕ ਪਿਛੋਕੜ ਹੈ, ਨਾ ਕੋਈ ਅਪਰਾਧਿਕ ਹੈ। ਇਸ ਤੋਂ ਇਲਾਵਾ ਇਹਨਾਂ ਦਾ ਕਿਸੇ ਵੀ ਐਸੀ ਸੰਸਥਾ ਨਾਲ ਕੋਈ ਸੰਬੰਧ ਹੈ, ਜਿਸ ਬਾਰੇ ਇਹ ਕਿਹਾ ਜਾ ਸਕੇ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਹੈ। ਇਹਨਾਂ ਸਾਰਿਆਂ ਨੇ ਅੰਮ੍ਰਿਤਪਾਲ ਦੇ ਸੰਪੰਰਕ ਵਿੱਚ ਆਉਣ ਮਗਰੋਂ ਹੀ ਅੰਮ੍ਰਿਤ ਛੱਕਿਆ ਹੈ ਤੇ ਸਿੰਘ ਸਜੇ ਹਨ।
ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਤੱਕ ਇਹਨਾਂ ‘ਚੋਂ ਕਿਸੇ ਦਾ ਵੀ ਪਰਿਵਾਰ ਨਾਲ ਕਿਸੇ ਤਰਾਂ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ ਹੈ।
ਪੰਜੋਲੀ ਨੇ ਦੱਸਿਆ ਹੈ ਕਿ ਉਹਨਾਂ ਨੇ ਐੱਸਜੀਪੀਸੀ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ ਕਮੇਟੀ ਦੇ ਖ਼ਰਚੇ ’ਤੇ ਇਹਨਾਂ ਪਰਿਵਾਰਾਂ ਦੀ ਮੁਲਾਕਾਤ ਅਤੇ ਕੇਸਾਂ ’ਤੇ ਹੋਣ ਵਾਲੇ ਖ਼ਰਚੇ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਅਸਾਮ ਵਿੱਚ ਵਸਦੇ ਸਿੱਖ ਆਗੂਆਂ ਨਾਲ ਵੀ ਸੰਪਰਕ ਕੀਤਾ ਗਿਆ ਸੀ।
ਪੰਜੋਲੀ ਨੇ ਜੇਲ੍ਹ ਦੇ ਸੁਪਰੀਡੈਂਟ ਨਾਲ ਵੀ ਰਾਬਤਾ ਕਾਇਮ ਕਰਨ ਦਾ ਯਤਨ ਕੀਤਾ ਪਰ ਨਹੀਂ ਹੋ ਸਕਿਆ। ਇਸ ਸੰਬੰਧੀ ਮੁੱਖ ਮੰਤਰੀ ਪੰਜਾਬ, ਗ੍ਰਹਿ ਸਕੱਤਰ ਤੇ ਰਾਜਪਾਲ ਨੂੰ ਵੀ ਚਿੱਠੀ ਲਿਖੀ ਪਰ ਹਾਲੇ ਤੱਕ ਉਸ ਦਾ ਕੋਈ ਜੁਆਬ ਨਹੀਂ ਆਇਆ ਹੈ।
ਅਜਨਾਲੇ ਵਾਲੀ ਘਟਨਾ ਦੇ ਸੰਬੰਧ ਵਿੱਚ ਬੋਲਦਿਆਂ ਪੰਜੋਲੀ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਥਾਣੇ ਵਿੱਚ ਲਿਜਾਏ ਜਾਣ ਸੰਬੰਧੀ ਮਾਮਲੇ ਨੂੰ ਅੰਮ੍ਰਿਤਪਾਲ ਨੂੰ ਬੁਲਾ ਕੇ ਤੇ ਸਮਝਾ ਕੇ ਆਪਣੇ ਪੱਧਰ ’ਤੇ ਹੀ ਸੁਲਝਾ ਲੈਣਾ ਚਾਹੀਦਾ ਸੀ।
ਅਕਾਲੀ ਆਗੂ ਨੇ ਸਵਾਲ ਕੀਤਾ ਹੈ ਕਿ ਅਜਨਾਲੇ ਵਿੱਚ ਚਾਹੇ ਗਲਤ ਹੋਇਆ ਸੀ ਪਰ ਇਸ ਨਾਲ ਦੇਸ਼ ਦੀ ਏਕਤਾ ਤੇ ਸੁਰੱਖਿਆ ਨੂੰ ਕਿਹੜਾ ਖਤਰਾ ਪੈਦਾ ਹੋ ਗਿਆ ਸੀ ? ਇੰਨੀ ਕੁ ਗੱਲ ਨਾਲ ਜੇਕਰ NSA ਵਰਗੇ ਕਾਨੂੰਨ ਲਾਏ ਜਾ ਰਹੇ ਹਨ ਤਾਂ ਹੋਰ ਦਰਪੇਸ਼ ਖ਼ਤਰਿਆਂ ਦਾ ਦੇਸ਼ ਕਿਵੇਂ ਸਾਹਮਣਾ ਕਰੇਗਾ ?
ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਤੇ ਏਕਤਾ ਬਣਾਈ ਰੱਖਣ ਲਈ ਤੇ ਹੋਰ ਸਾਰੇ ਪਾਸਿਆਂ ਤੋਂ ਦੇਸ਼ ਲਈ ਮਾਣਮੱਤਾ ਰੋਲ ਅਦਾ ਕੀਤਾ ਹੈ ਪਰ ਇਸ ਨੂੰ ਦਹਿਸ਼ਤਵਾਦੀ ਤੇ ‘ਦੇਸ਼ਧਰੋਹੀ’ ਐਲਾਨ ਦੇਣਾ ਨਿੰਦਣਯੋਗ ਹੈ। ਪੰਜੋਲੀ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਸੰਬੋਧਨ ਕਰਦੇ ਹੋਏ ਸਪੱਸ਼ਟ ਕਿਹਾ ਹੈ ਕਿ ਇਸ ਮਾਮਲੇ ਵਿੱਚ NSA ਲਗਾਉਣਾ ਬਿਲਕੁਲ ਗੱਲਤ ਹੈ ਕਿਉਂਕਿ ਇਹ ਉਸ ਵੇਲੇ ਹੀ ਲਗਾਇਆ ਜਾ ਸਕਦਾ ਹੈ, ਜਦੋਂ ਕਿਸੇ ਵਿਅਕਤੀ ਦਾ ਅਪਰਾਧਿਕ ਪਿਛੋਕੜ ਹੋਵੇ ਜਾਂ ਫਿਰ ਉਸ ਦੀ ਕਿਸੇ ਗਤੀਵਿਧੀ ਨਾਲ ਦੇਸ਼ ਦੀ ਸੁਰੱਖਿਆ ਜਾਂ ਏਕਤਾ-ਅਖੰਡਤਾ ਤੇ ਗੰਭੀਰ ਖ਼ਤਰਾ ਖੜਾ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਜਨਾਲਾ ਮਾਮਲੇ ਵਿੱਚ ਇੱਕ ਕੇਸ ਦਰਜ ਕਰ ਕੇ ਉਹਨਾਂ ਨੂੰ ਪੰਜਾਬ ਦੀਆਂ ਹੀ ਜੇਲ੍ਹਾਂ ਵਿੱਚ ਰੱਖਿਆ ਜਾ ਸਕਦਾ ਹੈ ਪਰ ਉਹਨਾਂ ਤੇ NSA ਲਾਉਣਾ ਤੇ ਰਾਜ ਤੋਂ ਬਾਹਰਲੀ ਜੇਲ੍ਹ ਵਿੱਚ ਭੇਜਣਾ ਹੀ ਗਲਤ ਹੈ। ਜਿਸ ਨਾਲ ਸਿੱਖਾਂ ਨੂੰ ਦੁਨੀਆਂ ਭਰ ਵਿੱਚ ਬਦਨਾਮ ਕੀਤਾ ਜਾ ਰਿਹਾ ਹੈ ਤੇ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ।
ਮਾਨ ਸਰਕਾਰ ਤੇ RSS ਵਾਂਗ ਗੰਦੀ ਤੇ ਖਤਰਨਾਕ ਖੇਡ ਖੇਡਣ ਦਾ ਇਲਜ਼ਾਮ ਲਗਾਉਂਦਿਆ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਸੋਖਿਆਂ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਪਰ ਜਾਣ ਬੁੱਝ ਕੇ ਇਸ ਮਾਮਲੇ ਨੂੰ 8 ਜਿਲ੍ਹਿਆਂ ਦੀ ਪੁਲਿਸ ਨੂੰ ਮਗਰ ਲਾ ਕੇ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਤਾਂ ਜੋ ਬਹੁਗਿਣਤੀ ਨੂੰ ਵੋਟਾਂ ਲਈ ਖੁੱਸ਼ ਕੀਤਾ ਜਾ ਸਕੇ।
ਆਪ ਨੂੰ ਬੀਜੇਪੀ ਦਾ ਦੂਸਰਾ ਰੂਪ ਦੱਸਦੇ ਹੋਏ ਸੀਐੱਮ ਭਗਵੰਤ ਸਿੰਘ ਮਾਨ ’ਤੇ ਵੀ RSS ਦਾ ਏਜੰਡਾ ਪੰਜਾਬ ਵਿੱਚ ਲਾਗੂ ਕਰਨ ਦਾ ਇਲਜ਼ਾਮ ਉਹਨਾਂ ਲਗਾਇਆ ਹੈ ਤੇ ਕਿਹਾ ਹੈ ਕਿ 2024 ਦੀਆਂ ਵੋਟਾਂ ਦੇ ਮੱਦੇਨਜ਼ਰ ਇਹ ਸਾਰੀ ਖੇਡ ਖੇਡੀ ਜਾ ਰਹੀ ਹੈ। ਜਿਸ ਨੂੰ ਪਹਿਲਾਂ ਇੰਦਰਾ ਗਾਂਧੀ ਵੀ ਖੇਡ ਚੁੱਕੀ ਹੈ।
ਅੰਮ੍ਰਿਤਪਾਲ ਵੱਲੋਂ ਜਥੇਦਾਰ ਨੂੰ ਸਰਬਤ ਖਾਲਸਾ ਸੱਦਣ ਦੇ ਕੀਤੀ ਅਪੀਲ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਅੰਮ੍ਰਿਤਪਾਲ ਨੇ ਨਾ ਤਾਂ ਆਪਣਾ ਗ੍ਰਿਫ਼ਤਾਰੀ ਰੋਕਣ ਲਈ ਕਿਹਾ ਤੇ ਨਾਂ ਹੀ ਸਰੰਡਰ ਕਰਨ ਦੀ ਗੱਲ ਕੀਤੀ ਹੈ। ਸਗੋਂ ਉਹਨਾਂ ਕਿਹਾ ਹੈ ਕਿ ਸਿੱਖਾਂ ਨਾਲ ਹੁੰਦੇ ਧੱਕਿਆਂ ਤੇ ਬੇਇਨਸਾਫੀਆਂ ਲਈ ਸਾਰੀ ਕੌਮ ਇੱਕ ਝੰਡੇ ਹੇਠ ਇਕੱਠੀ ਹੋਵੇ ਤੇ ਸਿੱਖਾਂ ਦੇ ਨਿਆਰੇਪਨ ਨੂੰ ਕਾਇਮ ਰੱਖਣ ਲਈ ਇੱਕ ਏਜੰਡਾ ਪਾਸ ਕੀਤਾ ਜਾਵੇ ।
ਪੰਜੋਲੀ ਨੇ ਕਿਹਾ ਹੈ ਕਿ ਜਥੇਦਾਰ ਸਾਹਿਬ ਵੱਲੋਂ ਸਰਬਤ ਖਾਲਸਾ ਸੱਦਣ ਤੋਂ ਪਹਿਲਾਂ ਵਿਸ਼ਵ ਸਿੱਖ ਕਨਵੈਨਸ਼ਨ ਕਰਵਾਈ ਜਾ ਸਕਦੀ ਹੈ ਤੇ ਉਸ ਵਿੱਚ ਕੋਈ ਠੋਸ ਫੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਜੇ ਜਰੂਰੀ ਲਗੇ ਤਾਂ ਫਿਰ ਸਰਬਤ ਖਾਲਸਾ ਸੱਦਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਸ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਗੱਲ ਰੱਖੀ ਗਈ ਕਿ ਜੇਕਰ ਜੀ20 ਮੀਟਿੰਗਾਂ ਹੋ ਸਕਦੀਆਂ ਹਨ ਤਾਂ ਮੀਡੀਆ ਰਾਹੀਂ ਪੰਜਾਬ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ ? ਮਾਨ ਸਰਕਾਰ ਨੂੰ ਅਪੀਲ ਕਰਦਿਆਂ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਸੂਬੇ ਵਿੱਚ ਹਾਲਾਤ ਠੀਕ ਹਨ ਤਾਂ ਇਹਨਾਂ ਕੇਂਦਰੀ ਬਲਾਂ ਨੂੰ ਵਾਪਸ ਭੇਜਿਆ ਜਾਵੇ ਤਾਂ ਜੋ ਪੰਜਾਬ ਤੇ ਇਹਨਾਂ ਦਾ ਬੋਝ ਨਾ ਪਵੇ। ਇਸ ਤੋਂ ਇਲਾਵਾ ਪੰਜਾਬ ਦੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਨੌਜਵਾਨਾਂ ਨੂੰ ਅੱਤਵਾਦੀ ਬਣਾ ਕ ਪੇਸ਼ ਕਰਨ ਦੀਆਂ ਕੌਸ਼ਿਸ਼ਾਂ ਨਾ ਕੀਤੀਆਂ ਜਾਣ।
ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲਾ ਦਾ ਜ਼ਿਕਰ ਵੀ ਪੰਜੋਲੀ ਨੇ ਕੀਤਾ ਤੇ ਕਿਹਾ ਕਿ ਨੌਜਵਾਨ ਪੀੜੀ ਇੱਕ ਯੋਗ ਲੀਡਰ ਚਾਹੁੰਦੀ ਹੈ। ਅੰਮ੍ਰਿਤਪਾਲ ਵੱਲੋਂ ਬਣਾਈ ਗਈ ਅਨੰਦਪੁਰ ਟਾਸਕ ਫੋਰਸ ਦੀ ਗੱਲ ਵੀ ਉਹਨਾਂ ਕੀਤੀ ਤੇ ਕਿਹਾ ਕਿ ਇਹ ਸਿਰਫ਼ ਸੁਰੱਖਿਆ ਲਈ ਬਣਾਈ ਗਈ ਸੀ ਅਤੇ ਇਸ ਨਾਲ ਦੇਸ਼ ਦੀ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ।
ਪੰਜੋਲੀ ਨੇ ਇਸ ਗੱਲ ਤੇ ਵੀ ਦੁੱਖ ਜ਼ਾਹਿਰ ਕੀਤਾ ਕਿ ਕਾਂਗਰਸੀ,ਅਕਾਲੀ ਤੇ ਹੁਣ ਆਪ ਸਰਕਾਰ ਨੇ ਕਦੇ ਵੀ ਪੰਜਾਬ ਦੇ ਮਸਲਿਆਂ ਨੂੰ ਲੈ ਕੇਂਦਰ ਨਾਲ ਸੁਹਿਰਦ ਗੱਲਬਾਤ ਨਹੀਂ ਕੀਤੀ ਹੈ। ਤੇ ਹੁਣ ਵੀ ਇਹਨਾਂ ਵਿਚੋਂ ਬਹੁਤੇ ਅੰਮ੍ਰਿਤਪਾਲ ਦੇ ਖਿਲਾਫ਼ ਬੋਲ ਰਹੇ ਹਨ ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਉਸ ਨੂੰ ਪਿਆਰ ਨਾਲ ਸਮਝਾ ਕੇ ਮਾਮਲੇ ਨੂੰ ਨਬੇੜਿਆ ਜਾਂਦਾ।
ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਖਤਮ ਕਰਨ ਦੇ ਦਾਅਵੇ ਨੂੰ ਵੀ ਪੰਜੋਲੀ ਨੇ ਝੂੱਠ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਸੂਚੀ ਵਿੱਚ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਬੰਦੀ ਸਿੰਘਾਂ ਨੂੰ ਤਾਂ ਹਾਲੇ ਰਿਹਾਅ ਨਹੀਂ ਕੀਤਾ ਗਿਆ ਪਰ ਹੋਰ ਪੰਜਾਬੀ ਨੌਜਵਾਨਾਂ ਨੂੰ ਅੰਦਰ ਡੱਕਿਆ ਜਾ ਰਿਹਾ ਹੈ।