Punjab

ਅਕਾਲੀ ਦਲ ਦੇ ਪ੍ਰਧਾਨ ਖਿਲਾਫ ਮਾੜੇ ਸ਼ਬਦ ਬੋਲਣ ਵਾਲੇ ਦਿੱਗਜ ਆਗੂ ਦੀ ਪਾਰਟੀ ਤੋਂ ਛੁੱਟੀ ! SGPC ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੋਰ ਸੀਨੀਅਰ ਬਾਗੀ ਆਗੂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ । ਅਕਾਲੀ ਦੇ ਸੀਨੀਅਰ ਆਗੂ ਅਤੇ sgpc ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੂੰ 6 ਸਾਲ ਲਈ ਪਾਰਟੀ ਵਿਰੋਧੀ ਗਤਿਵਿਧੀਆਂ ਦੇ ਮਾਮਲੇ ਵਿੱਚ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ । ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਰਨੈਲ ਸਿੰਘ ਪੰਜੋਲੀ ਨੂੰ ਕਈ ਵਾਰ ਪਹਿਲਾਂ ਵੀ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਅਤੇ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਪਰ ਪਾਰਟੀ ਨੇ ਸਹਿਣਸ਼ੀਲਤਾ ਰੱਖਦੇ ਹੋਏ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਪਰ ਹੁਣ ਜਦੋਂ ਕਿ ਉਹ ਅਨੁਸ਼ਾਸ਼ਨਹੀਣਤਾ ਦੀਆਂ ਸਾਰੀਆਂ ਹੱਦਾਂ ਟੱਪ ਚੁੱਕੇ ਹਨ ਤਾਂ ਮਜਬੂਰ ਹੋ ਕੇ ਪਾਰਟੀ ਨੂੰ ਸਖਤ ਕਦਮ ਚੁੱਕਣਾ ਪਿਆ ਹੈ।

ਮਲੂਕਾ ਨੇ ਕਿਹਾ ਕਿ ਪੰਜੋਲੀ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਤੋਂ ਬਾਅਦ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪੰਜੋਲੀ ਦੀਆਂ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਅਨੁਸ਼ਾਸ਼ਨਹੀਣਤਾ ਹੁਣ ਨਾ ਕਾਬਲੇ ਬਰਦਾਸ਼ਤ ਹੈ। ਇਸ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਂਦੇ ਹੋਏ 6 ਸਾਲ ਵਾਸਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਮਲੂਕਾ ਨੇ ਇਹ ਵੀ ਕਿਹਾ ਕਿ ਇਸ ਤਰਾਂ ਦੀ ਅਨੁਸ਼ਾਸ਼ਨਹੀਣਤਾ ਕਦਾਚਿਤ ਬਰਦਾਸ਼ਤ ਨਹੀ ਕੀਤੀ ਜਾਵੇਗੀ ਭਾਵੇਂ ਕਿ ਕਰਨ ਵਾਲਾ ਆਗੂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਅਤੇ ਜਗਮੀਤ ਸਿੰਘ ਬਰਾੜ ਨੂੰ ਵੀ ਅਨੁਸ਼ਾਸਨਿਕ ਕਮੇਟੀ ਨੇ ਪਾਰਟੀ ਵਿਰੋਧੀ ਗਤਿਵਿਧੀਆਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਪਾਰਟੀ ਤੋਂ ਕੱਢ ਦਿੱਤਾ ਸੀ ।

ਪੰਜੋਲੀ ਨੇ ਸੁਖਬੀਰ ਬਾਦਲ ਨੂੰ ਗਾਲ੍ਹ ਕੱਢੀ ਸੀ

ਦੱਸਿਆ ਜਾ ਰਿਹਾ ਹੈ ਕਿ ਕਰਨੈਲ ਸਿੰਘ ਪੰਜੋਲੀ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬੋਲ ਦੇ ਹੋਏ ਇੱਕ ਸਮਾਗਮ ਵਿੱਚ ਉਨ੍ਹਾਂ ਨੂੰ ਗਾਲ੍ਹ ਤੱਕ ਕੱਢ ਦਿੱਤੀ ਸੀ । ਜਿਸ ਤੋਂ ਬਾਅਦ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਨੂੰ ਪੰਜੋਲੀ ਵਿਰੁੱਧ ਸ਼ਿਕਾਇਤ ਕੀਤੀ ਗਈ ਸੀ । ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਪੰਜੋਲੀ ਨੇ ਆਪ ਮੰਨਿਆ ਸੀ ਕਿ ਉਨ੍ਹਾਂ ਨੇ ਸੰਗਰੂਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਖੁੱਲ ਕੇ ਹਮਾਇਤ ਕੀਤੀ ਸੀ । ਉਧਰ ਦੱਸਿਆ ਜਾ ਰਿਹਾ ਹੈ ਕਿ ਪੰਜੋਲੀ ਨੇ ਆਪਣਾ ਪੱਖ ਰੱਖਣ ਦੇ ਲਈ ਜਲਦ ਹੀ ਪ੍ਰੈਸ ਕਾਂਫਰੰਸ ਕਰਨ ਦਾ ਐਲਾਨ ਕੀਤਾ ਹੈ । ਇਸ ਤੋਂ ਪਹਿਲਾਂ ਜਦੋਂ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਉਸ ਵੇਲੇ ਵੀ ਪੰਜੋਲੀ ਕਾਫੀ ਖੁੱਲ ਕੇ ਬੋਲੇ ਸਨ । ਪਰ ਉਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਮਨਾ ਲਿਆ ਸੀ ਅਤੇ ਕਮੇਟੀ ਦੇ ਜਨਰਲ ਸਕੱਤਰ ਦਾ ਅਹੁਦਾ ਵੀ ਦਿੱਤਾ ਸੀ ।