ਬਿਊਰੋ ਰਿਪੋਰਟ : ਕਰਨਾਲ ਦੇ ਇੱਕ ਘਰ ਵਿੱਚ 7 ਸਾਲ ਦੇ ਪੁੱਤਰ ਦੇ ਜਨਮ ਦਿਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ । ਤਕਰੀਬਨ 200 ਤੋਂ 250 ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ । ਘਰ ਵਿੱਚ ਹਲਵਾਈ ਖਾਣੇ ਦੀ ਤਿਆਰੀ ਕਰ ਰਹੇ ਸਨ ਅਚਾਨਕ ਧਮਾਕਾ ਹੋਇਆ ਅਤੇ ਸਾਰੇ ਹੈਰਾਨ ਹੋ ਗਏ । ਜਿਸ ਥਾਂ ‘ਤੇ ਹਲਵਾਈ ਖਾਣਾ ਬਣਾ ਰਹੇ ਸਨ ਉੱਥੇ LPG ਸਿਲੰਡਰ ਫਟ ਗਿਆ । ਆਲੇ ਦੁਆਲੇ ਖੜੇ 20 ਲੋਕ ਉਸ ਵਿੱਚ ਝੁਲਸ ਗਏ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚ ਸਾਢੇ ਤਿੰਨ ਸਾਲ ਦਾ ਬੱਚਾਂ ਵੀ ਸ਼ਾਮਲ ਸੀ । ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ।
ਇਹ ਘਟਨਾ ਕਰਨਾਲ ਦੇ ਪਿੰਡ ਭੋਲਾ ਖਾਲਸਾ ਪਿੰਡ ਵਿੱਚ ਹੋਈ ਜਿੱਥੇ ਸੋਮਪਾਲ ਨਾਂ ਦੇ ਸ਼ਖਸ ਦੇ 7 ਸਾਲ ਦੇ ਪੁੱਤ ਵਿਸ਼ਾਲ ਦੇ ਜਨਮ ਦਿਨ ਦਾ ਜਸ਼ਨ ਮਨਾਇਆ ਜਾਣਾ ਸੀ । ਖੁਸ਼ੀ ਦਾ ਮਾਹੌਲ ਸੀ ਰਿਸ਼ਤੇਦਾਰ ਵੀ ਆ ਚੁੱਕੇ ਸਨ ।ਉਨ੍ਹਾਂ ਦੇ ਲਈ ਖਾਣੇ ਦੀ ਤਿਆਰ ਚੱਲ ਰਹੀ ਸੀ । ਹਲਵਾਈ ਸਵੇਰ ਤੋਂ ਹੀ ਖਾਣਾ ਬਣਾ ਰਹੇ ਸਨ । ਇਸ ਦੌਰਾਨ ਸਿਲੰਡਰ ਫਟ ਗਿਆ ਅਤੇ ਆਲੇ-ਦੁਆਲੇ ਖੜੇ 20 ਲੋਕ ਅੱਗ ਵਿੱਚ ਝੁਲਸ ਗਏ । ਜਿੰਨਾਂ ਦੀ ਹਾਲਤ ਗੰਭੀਰ ਹੈ ਉਨ੍ਹਾਂ ਨੂੰ ਕਰਨਾਲ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਜਿੰਨਾਂ ਨੂੰ ਮਾਮੂਲੀ ਸੱਟਾਂ ਲੱਗਿਆ ਹਨ ਉਨ੍ਹਾਂ ਦਾ ਇਲਾਜ ਪਿੰਡ ਵਿੱਚ ਹੀ ਕੀਤਾ ਜਾ ਰਿਹਾ ਹੈ।
ਕਾਰੀਗਰ ਸਿਲੰਡਰ ਬਦਲ ਰਿਹਾ ਸੀ
ਪਰਿਵਾਰ ਦੇ ਮੁਤਾਬਿਕ ਜਨਮ ਦਿਨ ਮੌਕੇ ਕਈ ਸਟਾਲ ਲਗਾਏ ਗਏ ਸਨ । ਦੱਸਿਆ ਜਾ ਰਿਹਾ ਹੈ ਕਿ POP CORN ਵਾਲਾ ਕਾਰੀਗਰ ਸਿਲੰਡਰ ਬਦਲ ਰਿਹਾ ਸੀ । ਉਸ ਕੋਲੋ ਕੋਈ ਗਲਤੀ ਹੋਈ ਜਿਸ ਦੀ ਵਜ੍ਹਾ ਕਰਕੇ ਸਿਲੰਡਰ ਫਟ ਗਿਆ । ਘਰ ਵਾਲਿਆਂ ਮੁਤਾਬਿਕ ਹੋ ਸਕਦਾ ਹੈ ਸਿਲੰਡਰ ਲੀਕ ਕਰ ਰਿਹਾ ਹੋਵੇ ਇਸ ਦੀ ਵਜ੍ਹਾ ਕਰਕੇ ਹਾਦਸਾ ਵਾਪਰਿਆ ਹੋਵੇ।
ਸਾਢੇ ਤਿੰਨ ਸਾਲ ਦਾ ਯੁਵਰਾਜ ਜਖ਼ਮੀ
ਸਿਲੰਡਰ ਫਟਨ ਦੀ ਵਜ੍ਹਾ ਕਰਕੇ ਸਾਢੇ ਤਿੰਨ ਸਾਲ ਦਾ ਯੁਵਰਾਜ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ । ਇਸ ਦੇ ਨਾਲ ਤਿੰਨ ਹੋਰ ਲੋਕਾਂ ਦੀ ਵੀ ਪਛਾਣ ਕੀਤਾ ਗਈ ਹੈ । ਜਿੰਨਾਂ ਨੂੰ ਕਰਨਾਲ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਇੰਨਾਂ ਵਿੱਚ ਪੁਨੀਤ,ਸਤੇਂਦਰ ਕੌਰ,ਰਾਜੇਸ਼ ਦਾ ਨਾਂ ਸ਼ਾਮਲ ਹੈ । ਜਦਕਿ 20 ਤੋਂ ਵੱਧ ਲੋਕਾਂ ਨੂੰ ਕੁਰੂਕਸ਼ੇਤਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਜਖ਼ਮੀਆਂ ਵਿੱਚ ਤਿੰਨ ਹਲਵਾਈ ਵੀ ਸਨ।
30 ਫੀਸਦੀ ਝੁਲਸਿਆ
ਡਾਕਟਰਾਂ ਨੇ ਦੱਸਿਆ ਕਿ ਤਿੰਨ ਮਰੀਜ਼ ਬੁਰੀ ਹਾਲਤ ਵਿੱਚ ਹਸਪਤਾਲ ਪਹੁੰਚੇ ਸਨ । ਜਿੰਨਾਂ ਵਿੱਚੋਂ ਇੱਕ ਬੱਚਾ ਵੀ ਸੀ ਜੋ 30 ਫੀਸਦੀ ਅੱਗ ਵਿੱਚ ਝੁਲਸ ਗਿਆ ।