Punjab

SGPC ਪ੍ਰਧਾਨ ‘ਤੇ ਹ ਮਲਾ ਕਰਨ ਵਾਲੇ ਫੜ੍ਹੇ ਜਾਣਗੇ !

‘ਦ ਖ਼ਾਲਸ ਬਿਊਰੋ : SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਉਨ੍ਹਾਂ ਦੀ ਗੱਡੀ ਉੱਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਦੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਪ੍ਰੋਗਰਾਮ ਉਲੀਕਦੀ ਹੈ, ਉਸਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅੱਜ ਦੀ ਇਹ ਘਟਨਾ ਵੀ ਉਸੇ ਤਾਰਪੀਡੋ ਦਾ ਹਿੱਸਾ ਹੈ। ਧਾਮੀ ਨੇ ਇੱਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਜਿਸ ਦਿਨ ਇਹ ਕੌਮੀ ਮੋਰਚਾ ਸ਼ੁਰੂ ਕਰਨਾ ਸੀ, ਉਸ ਦਿਨ ਮੇਰੇ ਕੋਲ ਸ.ਪਾਲ ਸਿੰਘ ਫਰਾਂਸ, ਪੰਜ ਪਿਆਰਿਆਂ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਸ. ਗੁਰਸੇਵਕ ਸਿੰਘ ਆਏ ਸਨ ਅਤੇ ਉਹਨਾਂ ਨੇ ਹਵਾਰਾ ਕਮੇਟੀ ਵੱਲੋਂ ਮੈਨੂੰ ਫਤਿਹ ਬੁਲਾਈ ਸੀ। ਉਹਨਾਂ ਨੇ ਇਸ ਮੋਰਚੇ ਲਈ ਮੇਰੇ ਤੋਂ ਸਾਥ ਦੀ ਮੰਗ ਕੀਤੀ ਸੀ। ਮੈਂ ਉਨ੍ਹਾਂ ਨੂੰ ਯਕੀਨ ਦਿਵਾਇਆ ਸੀ ਕਿ ਇਹ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਹੈ, ਇਸ ਲਈ ਸ਼੍ਰੋਮਣੀ ਕਮੇਟੀ ਇਸ ਮੋਰਚੇ ਨਾਲ ਹੈ। ਮੋਰਚੇ ਦੇ ਸੱਦੇ ਉੱਤੇ ਮੈਂ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਮਹਿਤਾ ਸਾਬ, ਸਾਬਕਾ ਜਨਰਲ ਸਕੱਤਰ ਚਾਵਲਾ ਅਤੇ ਹੋਰ ਐਗਜ਼ੈਕਟਿਵ ਮੈਂਬਰ ਇਕੱਠੇ ਹੋ ਕੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਗਏ ਸੀ।

ਮੋਰਚੇ ਦੇ ਪੰਡਾਲ ਵਿੱਚ ਬਹੁਤ ਵਧੀਆ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦਾ ਸਵਾਗਤ ਕੀਤਾ ਗਿਆ ਸੀ। ਮੈਂ ਵੀ ਸਟੇਜ ਉੱਤੋਂ ਸੰਬੋਧਨ ਕੀਤਾ ਸੀ। ਜਿਉਂ ਹੀ ਅਸੀਂ ਪੰਡਾਲ ਵਿੱਚੋਂ ਬਾਹਰ ਨਿਕਲੇ, ਜਦੋਂ ਹੀ ਮੈਂ ਗੱਡੀ ਵਿੱਚ ਬੈਠਣ ਲੱਗਾ ਤਾਂ ਉੱਥੇ ਬਹੁਤ ਸਾਰੇ ਹੁੱਲੜਬਾਜ਼ ਇਕੱਠੇ ਹੋ ਕੇ ਆ ਗਏ ਅਤੇ ਬਹੁਤ ਹੁੱਲੜਬਾਜ਼ੀ ਕੀਤੀ। ਇੱਕ ਬੰਦਾ ਸਾਡੀ ਗੱਡੀ ਅੱਗੇ ਆ ਕੇ ਲੰਮੇ ਪੈ ਗਿਆ ਅਤੇ ਸਾਡੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜਿਆ ਗਿਆ। ਧਾਮੀ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਅਹਿਮ ਮੁੱਦਿਆਂ ਉੱਤੇ ਏਦਾਂ ਕਿੰਤੂ ਪ੍ਰੰਤੂ ਕਿਉਂ ਕੀਤਾ ਜਾਂਦਾ ਹੈ। ਧਾਮੀ ਨੇ ਰਾਹੁਲ ਗਾਂਧੀ ਦੀ ਪੰਜਾਬ ਵਿੱਚ ਨਿਕਲੀ ਭਾਰਤ ਜੋੜੋ ਯਾਤਰਾ ਉੱਤੇ ਤੰਜ ਕਸਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਯਾਤਰਾ 6-7 ਦਿਨ ਲਗਾਤਾਰ ਨਿਕਲੀ ਹੈ, ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਸੀ, ਉਨ੍ਹਾਂ ਉੱਤੇ ਤਾਂ ਕੋਈ ਨਹੀਂ ਬੋਲਿਆ, ਉਸਦਾ ਤਾਂ ਕਿਸੇ ਨੇ ਕੋਈ ਘਿਰਾਉ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਦਾ ਘਿਰਾਉ ਕਰਨਾ ਬਹੁਤ ਵੱਡੀ ਸਾਜਿਸ਼ ਹੈ। ਉਨ੍ਹਾਂ ਨੇ ਮੋਰਚੇ ਦੇ ਪ੍ਰਬੰਧਕਾਂ ਨਾਲ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਸਮਰਥਨ ਮੰਗਦੇ ਹੋ, ਖੁਦ ਸੱਦਾ ਦਿੰਦੇ ਹੋ ਅਤੇ ਬਾਅਦ ਵਿੱਚ ਏਦਾਂ ਦਾ ਸਲੂਕ ਕਰਦੇ ਹੋ, ਤਾਂ ਕੌਣ ਸਮਰਥਨ ਦੇਵੇਗਾ। ਜੇ ਏਦਾਂ ਹੀ ਜ਼ਲੀਲ ਕਰਨਾ ਹੈ ਤਾਂ ਬੰਦਾ ਸਮਰਥਨ ਕੀ ਕਰੇਗਾ। ਅਜਿਹੇ ਹਮਲੇ ਰੋਕਣਾ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਸੀ। ਪਰ ਅਸੀਂ ਹਮੇਸ਼ਾ ਸਿੱਖ ਮੁੱਦਿਆਂ ਉੱਤੇ ਸਮਰਥਨ ਕਰਾਂਗੇ।

ਪੰਜਾਬ ਸਰਕਾਰ ਨੂੰ ਨਿਪੁੰਸਕ ਕਰਾਰ ਦਿੰਦਿਆਂ ਧਾਮੀ ਨੇ ਕਿਹਾ ਕਿ ਜੇ ਪੰਜਾਬ-ਚੰਡੀਗੜ੍ਹ ਬਾਰਡਰ ਉੱਤੇ ਇਹ ਮੋਰਚਾ ਲੱਗਾ ਹੋਇਆ ਹੈ ਤਾਂ ਪੁਲਿਸ ਦੀ ਵੀ ਕੋਈ ਜ਼ਿੰਮੇਵਾਰੀ ਵੀ ਬਣਦੀ ਹੈ, ਇਹ ਤਾਂ ਨਹੀਂ ਨਾ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖਦੀ ਰਹੇ।

ਦਸਤਖ਼ਤ ਮੁਹਿੰਮ ਨੂੰ ਕੱਲ੍ਹ ਪਰਸੋਂ ਤੋਂ ਹੋਰ ਤੇਜ਼ ਕੀਤਾ ਹੈ। ਉਨ੍ਹਾਂ ਨੇ 31 ਜਨਵਰੀ ਤੱਕ ਦਸਤਖ਼ਤ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਉਹਨਾਂ ਨੇ ਫਰਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਲੱਖਾਂ ਦੀ ਗਿਣਤੀ ਵਿੱਚ ਹੋਏ ਦਸਤਖ਼ਤ ਸਪੁਰਦ ਕਰੇਗੀ।

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਧਾਮੀ ਦੀ ਗੱਡੀ ਉੱਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਆਪਸੀ ਮੱਤਭੇਦਾਂ ਤੋਂ ਉੱਪਰ ਉੱਠ ਕੇ ਕਰਨੇ ਚਾਹੀਦੇ ਹਨ। ਇਸ ਘਟਨਾ ਨਾਲ ਰਿਹਾਈ ਲਈ ਕੀਤੇ ਜਾ ਰਹੇ ਸਾਂਝੇ ਯਤਨਾ ਨੂੰ ਢਾਹ ਲੱਗੀ ਹੈ।