Punjab

ਸਿੱਧੂ ਦੀ ਮਾਂ ਦੇ ਬੋਲ “ਜਿਥੋਂ ਮੇਰੇ ਪੁੱਤ ਦੀ ਬਰਾਤ ਨਿਕਲਣੀ ਸੀ,ਉਥੋਂ ਅੱਜ ਮੈਨੂੰ ਉਹ ਕਿਹੜੇ ਰਾਹ ‘ਤੇ ਤੋਰ ਗਿਆ ਹੈ”

ਸਿੱਧੂ ਨੂੰ ਇਨਸਾਫ ਦਿਵਾਉਣ ਲਈ ਤੁਰ ਪਿਆ ਕਾਫਲਾ

ਮਾਨਸਾ:ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾਉਣ ਲਈ,ਉਸ ਦੇ ਮਾਪਿਆਂ ਦੀ ਅਪੀਲ ‘ਤੇ ਅੱਜ ਹਜ਼ਾਰਾਂ ਲੋਕ ਸਿੱਧੂ ਦੀਆਂ ਤਸਵੀਰਾਂ ਫੱੜ,ਉਹਨੂੰ ਯਾਦ ਕਰਦੇ ਹੋਏ ਸੜ੍ਹਕਾਂ ‘ਤੇ ਉਤਰੇ ।ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਮੂਸਾ ਵਿੱਚ ਸਿੱਧੂ ਦੀ ਸਮਾਧ ‘ਤੇ ਸੈਂਕੜਿਆਂ ਦਾ ਇਕੱਠ ਹੋਇਆ ।ਜਿਸ ਨੂੰ ਸਿੱਧੂ ਦੇ ਮਾਪਿਆਂ ਨੇ ਸੰਬੋਧਨ ਕੀਤਾ ਹੈ।

ਆਪਣੀ ਤਕਰੀਰ ਦੀ ਸ਼ੁਰੂਆਤ ਵਿੱਚ ਸਿੱਧੂ ਦੇ ਪਿਤਾ ਨੇ ਪਹੁੰਚਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਦੇ ਜ਼ਜ਼ਬੇ ਤੇ ਜੋਸ਼ ਨੂੰ ਸਲਾਮ ਆਖਿਆ।ਉਹਨਾਂ ਕਿਹਾ ਕਿ ਘਟਨਾ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਲੋਕਾਂ ਦਾ ਬਹੁਤ ਵਧੀਆ ਸਾਥ ਮਿਲਿਆ ਹੈ।ਉਹਨਾਂ ਸਿੱਧੂ ਨੂੰ ਯਾਦ ਕਰਦੇ ਹੋਏ ਉਸ ਨੂੰ ਸਾਧ ਬਿਰਤੀ ਵਾਲਾ ਦੱਸਿਆ ਤੇ ਕਿਹਾ ਕਿ ਉਸ ਨੂੰ ਪੂਰੀ ਦੁਨਿਆ ਤੋਂ ਸਤਿਕਾਰ ਮਿਲਿਆ ਹੈ ਪਰ ਉਹ ਲੋਕਾਂ ਦਾ ਚੰਗਾ ਕਰਦੇ ਹੋਏ ਵੀ ਮਾਰਿਆ ਗਿਆ।


ਉਹਨਾਂ ਸਿੱਧੂ ਕਤਲ ਮਾਮਲੇ ਵਿੱਚ ਪੁਲਿਸ ਦੇ ਕੰਮ ਤੋਂ ਸੰਤੁਸ਼ਟੀ ਵੀ ਜਤਾਈ ਪਰ ਇਹ ਵੀ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਵੱਲ ਝਾਤ ਮਾਰਨ ਦੀ ਲੋੜ ਹੈ ।ਕੀ ਹੋ ਗਿਆ ਹੈ ਲੋਕਾਂ ਨੂੰ , 15000 ਦੀ ਖਾਤਰ ਕਿਸੇ ਦੇ ਵੀ ਘਰ ਦਾ ਦੀਵਾ ਬੁੱਝਾ ਦਿੰਦੇ ਹਨ।
ਸਿੱਧੂ ਦੇ ਕੇਸ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਕੇਸ ਬਹੁਤ ਲੰਬਾ ਚੋੜਾ ਹੈ ਤੇ ਇਸ ਵਿੱਚ ਦੇਸ਼-ਵਿਦੇਸ਼ ਤੋਂ ਲੋਕ ਸ਼ਾਮਲ ਹਨ।
ਸਿੱਧੂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਆਪਣੀ ਵੱਚਨਬੱਧਤਾ ਦੁਹਰਾਈ ਤੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਹੁੰਦਾ,ਸਭ ਦਾ ਹਿਰਦਾ ਵਲੁੰਧਰਿਆ ਹੀ ਰਹੇਗਾ।ਗੈਂਗਸਟਰ ਲਾਰੈਂਸ ਤੇ ਜਗੂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਲੋਕਾਂ ਦੇ ਪੁੱਤ ਮਾਰ ਕੇ ਹੁਣ ਇਹਨਾਂ ਨੂੰ ਕਾਹਦਾ ਖਤਰਾ ਹੈ।


ਸਿੱਧੂ ਦੇ ਪਿਤਾ ਨੇ ਨਿਆਂ ਪਾਲਿਕਾ ਦੇ ਜੱਜਾਂ ਨੂੰ ਭਾਵੁਕ ਕਰ ਦੇਣ ਵਾਲੀ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਨੂੰ ਐਨਾ ਮਹੱਤਵ ਨਾ ਦਿਉ।ਜੇ ਇਹਨਾਂ ਨੂੰ ਜਾਨ ਦਾ ਖਤਰਾ ਹੈ ਤਾਂ ਮਨੁੱਖੀ ਹੱਕ ਮੇਰੇ ਪੁੱਤ ਦੇ ਵੀ ਸੀ। ਗੈਂਗਸਟਰ 100 ਬੰਦੇ ਮਾਰ ਕੇ ਵੀ ਜੇਲਾਂ ਵਿੱਚ ਭਾਰੀ ਸੁਰੱਖਿਆ ਵਿੱਚ ਰਹਿੰਦੇ ਹਨ,ਬਰੈਂਡਡ ਕਪੜੇ ਪਾਉਂਦੇ ਹਨ।ਇਹਨਾਂ ਦਾ ਇਨਾਂ ਮਾਣ ਤਾਣ ਕਿਉਂ?
ਉਹਨਾਂ ਮੌਕੇ ‘ਤੇ ਹਾਜ਼ਰ ਲੋਕਾਂ ਨੂੰ ਸਵਾਲ ਕੀਤਾ ਕਿ ਇਹਨਾਂ ਗੈਂਗਸਟਰਾਂ ਨੂੰ ਮਿਲਦੀ ਸੁਰੱਖਿਆ ਤੋਂ ਖੁਸ਼ ਹੋ ਤਾਂ ਲੋਕਾਂ ਨੇ ਉਚੀ ਉਚੀ ਚੀਕ ਕੇ ਨਾਂਹ ਵਿੱਚ ਜੁਆਬ ਦਿੱਤਾ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਸਵਾਲ

1.ਮੇਰੇ ਪੁੱਤ ਨੂੰ ਸੁਰੱਖਿਆ ਦਿੱਤੀ ਕਿਉਂ ਸੀ ਤੇ ਹਟਾਈ ਕਿਉਂ ਸੀ?

2.ਪੰਜਾਬੀ ਫਿਲਮ ਇੰਟਸਟਰੀ ਦੇ ਸਬੰਧ ਗੈਂਗਸਟਰਾਂ ਨਾਲ ਜੁੜੇ ਹੋਣ ‘ਤੇ ਸਰਕਾਰ ਖਾਮੋਸ਼ ਕਿਉਂ?

3.ਸਿੱਧੂ ਦੇ ਕਾਤਲਾਂ ‘ਤੇ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਸਫੇਦਪੋਸ਼ਾਂ ‘ਤੇ ਕਾਰਵਾਈ ਕਦੋਂ ਹੋਵੇਗੀ?

ਆਪਣੇ ਸੰਬੋਧਨ ਦੇ ਅਖੀਰ ਵਿੱਚ ਉਹਨਾਂ ਐਲਾਨ ਕੀਤਾ ਕਿ ਉਹ ਸਿੱਧੂ ਨੂੰ ਇਨਸਾਫ ਮਿਲਣ ਤੱਕ ਇਦਾਂ ਹੀ ਇਕੱਠ ਕਰਦੇ ਰਹਾਂਗੇ,ਭਾਵੇਂ ਅੱਜ ਮਾਰ ਦਿਉ , ਸੰਘਰਸ਼ ਚੱਲਦਾ ਰਹੇਗਾ।ਉਹਨਾਂ ਸਿੱਧੂ ਦੇ ਇਨਸਾਫ ਲਈ ਕੱਢੇ ਜਾਣ ਵਾਲੇ ਮਾਰਚ ਲਈ ਲੋਕਾਂ ਨੂੰ ਸੰਜਮ ਰੱਖਣ ਦੀ ਕੀਤੀ ਅਪੀਲ ਵੀ ਕੀਤੀ ਤੇ ਲੋਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਇਸ ਮੌਕੇ ਸਿੱਧੂ ਦੇ ਮਾਤਾ ਚਰਨ ਕੌਰ ਨੇ ਵੀ ਭਾਵੁਕ ਹੁੰਦੇ ਹੋਏ ਆਪਣੇ ਮੋਏ ਪੁੱਤ ਦੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕੀਤਾ ਤੇ ਕਿਹਾ ਕਿ ਮੇਰੇ ਪੁੱਤ ਨੇ 4 ਕਮਰਿਆਂ ਵਾਲੇ ਘਰ ਤੋਂ ਹਵੇਲੀ ਤੱਕ ਦਾ ਸਫਰ ਤੈਅ ਕੀਤਾ ਸੀ ਤੇ ਅੱਜ ਉਸੇ ਘਰ ਤੋਂ ਹਵੇਲੀ ਤੱਕ ਸ਼ਾਂਤੀ ਪੂਰਵਕ ਮਾਰਚ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਮੇਰੇ ਪੁੱਤ ਨੇ ਵਾਪਸ ਨਹੀਂ ਆਉਣਾ,ਪਰ ਕਿਸੇ ਹੋਰ ਦਾ ਘਰ ਨਾ ਉਜੜੇ ,ਇਸ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ।
ਅੱਖੀਂ ਵਿੱਚ ਅਥਰੂ ਲੈ ਕੇ ਸਿੱਧੂ ਦੇ ਮਾਤਾ ਭਾਵੁਕ ਹੋ ਗਏ ਤੇ ਕਹਿਣ ਲੱਗੇ “ਜਿਥੋਂ ਮੇਰੇ ਪੁੱਤ ਦੀ ਬਰਾਤ ਨਿਕਲਣੀ ਸੀ,ਉਥੋਂ ਅੱਜ ਮੈਨੂੰ ਉਹ ਕਿਹੜੇ ਰਾਹ ‘ਤੇ ਤੋਰ ਗਿਆ ਹੈ। ਸਾਡਾ ਸੂਰਜ ਛਿੱਪ ਗਿਆ ਹੈ , ਅਸੀਂ ਹੁਣ ਜ਼ਮੀਨਾਂ ਹਵੇਲੀਆਂ ਨੂੰ ਕੀ ਕਰਨਾ ਹੈ।


ਮੇਰਾ ਪੁੱਤ ਲੋਕਾਂ ਦਾ ਪਿਆਰ ਖੱਟ ਕੇ ਗਿਆ ਹੈ,ਅੱਜ ਮੇਰੇ ਹਜਾਰਾਂ ਸਿੱਧੂ ਮੇਰੇ ਸਾਹਮਣੇ ਹਨ ਪਰ ਮੇਰੇ ਪੁੱਤ ਦਾ ਕਸੂਰ ਮੈਨੂੰ ਹਾਲੇ ਤੱਕ ਸਮਝ ਨਹੀਂ ਆਇਆ ਹੈ।”
ਉਹਨਾਂ ਸਾਰਿਆਂ ਨੂੰ ਸਿੱਧੂ ਲਈ ਮਿਲ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।ਇਸ ਤੋਂ ਬਾਅਦ ਮਾਨਸਾ ਸ਼ਹਿਰ ਦੀ ਦਾਣਾ ਮੰਡੀ ਤੋਂ ਲੈ ਕੇ ਪਿੰਡ ਜਵਾਰਕੇ ਤੱਕ ਸਿੱਧੂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ।ਜਿਸ ਦੀ ਅਗਵਾਈ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੀਤੀ ।ਇਸ ਮਾਰਚ ਵਿੱਚ ਭਰਵਾਂ ਇੱਕਠ ਹੋਇਆ ਤੇ ਸਿੱਧੂ ਦੇ ਪ੍ਰਸ਼ੰਸਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਨੂੰ ਯਾਦ ਕਰਦੇ ਹੋਏ ਇਸ ਵਿੱਚ ਭਾਗ ਲਿਆ।