India Punjab

ਜੇਪੀ ਨੱਡਾ ਨੂੰ ਗੁੱਸਾ ਕਿਉਂ ਆਉਂਦੈ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਚੰਨੀ ਸਰਕਾਰ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਫੇਲ੍ਹ ਕਰਨ ਲਈ ਕੋਝੇ ਹੱਥਕੰਡੇ ਅਪਣਾਏ ਹਨ। ਚੰਨੀ ਸਰਕਾਰ ਦੇ ਸੁਰੱਖਿਆ ਦੇ ਅਧੂਰੇ ਬੰਦੋਬਸਤਾਂ ਕਾਰਨ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਰੈਲੀ ਰੱਦ ਕਰਨੀ ਪਈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਚੰਨੀ ਦੇ ਨਾਲ ਜਦੋਂ ਮਾਮਲਾ ਹੱਲ ਕਰਨ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਸੁਣਨ ਤੋਂ ਨਾਂਹ ਕਰ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਰੱਦ ਹੋਣ ਨਾਲ ਪੰਜਾਬ ਵਿੱਚ ਕਰੋੜਾਂ ਦੇ ਵਿਕਾਸ ਪ੍ਰੋਜੈਕਟ ਉਦਘਾਟਨ ਖੁਣੋਂ ਰਹਿ ਗਏ ਹਨ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ। ਭਾਜਪਾ, ਸਰਕਾਰ ਵੱਲੋਂ ਬਿਨਾਂ ਵਜ੍ਹਾ ਖੜੇ ਕੀਤੇ ਜਾਣ ਵਾਲੇ ਰੋੜਿਆਂ ਕਾਰਨ ਰੁਕਣ ਵਾਲੀ ਨਹੀਂ ਹੈ। ਉਂਝ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਇਸ ਘਟੀਆ ਹਰਕਤ ਕਾਰਨ ਲੋਕ ਦੁਖੀ ਹੋਏ ਹਨ ਅਤੇ ਜਨਤਾ ਦਾ ਲੋਕਤੰਤਰ ਵਿੱਚ ਵਿਸ਼ਵਾਸ ਉੱਖੜਿਆ ਹੈ।