Punjab

ਜਥੇਦਾਰ ਦੀ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਫ਼ਗਾਨਿਸਤਾਨ ਵਿੱਚ ਬਣੇ ਹਾਲਾਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਜੋ ਹਾਲਾਤ ਬਣੇ ਹਨ, ਸਾਨੂੰ ਉੱਥੋਂ ਦੇ ਸਿੱਖਾਂ ਅਤੇ ਉੱਥੇ ਬਣੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੀ ਚਿੰਤਾ ਹੈ। ਬਹੁਤ ਸਾਰੇ ਸਿੱਖ ਅਫ਼ਗਾਨਿਸਤਾਨ ਵਿੱਚੋਂ ਮਾਈਗ੍ਰੇਟ ਹੋ ਕੇ ਕੈਨੇਡਾ, ਅਮਰੀਕਾ, ਦਿੱਲੀ ਆ ਕੇ ਵੱਸ ਚੁੱਕੇ ਹਨ। ਕੁੱਝ ਪਰਿਵਾਰ ਅਜੇ ਵੀ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਹਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਇੱਕ ਗੁਰਦੁਆਰਾ ਸਾਹਿਬ ਵਿਖੇ ਮਹਿਫੂਜ਼ ਰੱਖਿਆ ਹੋਇਆ ਹੈ। ਜਥੇਦਾਰ ਨੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵਿਸ਼ੇਸ਼ ਤੌਰ ‘ਤੇ ਅਪੀਲ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਦੇ ਮਾਮਲੇ ਨੂੰ ਤਰਜੀਹੀ ਢੰਗ ਦੇ ਨਾਲ ਲਵੇ। ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੱਥੋਂ ਦੀ ਸਰਕਾਰ ਜਾਂ ਫਿਰ ਜੋ ਸਰਕਾਰ ਬਣੇਗੀ, ਉਸ ਨਾਲ ਰਾਬਤਾ ਕਾਇਮ ਕਰਕੇ ਸਾਡਾ ਮਸਲਾ ਹੱਲ ਕਰਵਾਇਆ ਜਾਵੇਗਾ। ਜਥੇਦਾਰ ਨੇ ਸਿੱਖ ਸੰਸਥਾਵਾਂ ਨੂੰ ਵੀ ਅਫ਼ਗਾਨਿਸਤਾਨ ਤੋਂ ਆ ਰਹੇ ਸਿੱਖਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਕਸ਼ਮੀਰ ਵਿੱਚ ਅਸੀਂ ਪੰਜ ਸਮਾਗਮ ਕਰਵਾਏ ਹਨ। ਇਨ੍ਹਾਂ ਪੰਜਾਂ ਸਮਾਗਮਾਂ ਵਿੱਚ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਹੈ। ਕਸ਼ਮੀਰ ਦੀਆਂ ਬੱਚੀਆਂ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿੱਚ ਲਿਆ ਕੇ ਪੜ੍ਹਾਇਆ ਜਾਵੇਗਾ।