India Punjab

ਛੋਟੀਆਂ ਥੈਲੀਆਂ ਦੇ ਰਾਹੀਂ ਕਿਸਨੂੰ ਲੜਾਉਣਾ ਚਾਹੁੰਦੀ ਬੀਜੇਪੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਦੀ ਇੱਕ ਹੋਰ ਸਾਜਿਸ਼ ਰਚੀ ਹੈ। ਬੀਜੇਪੀ ਦੇ ਕਾਰਜ-ਕਰਤਾ ਕਈ ਦਿਨਾਂ ਤੋਂ ਪਿੰਡਾਂ ਵਿੱਚ ਜਾ ਕੇ ਅਨਾਜ ਦੀਆਂ ਛੋਟੀਆਂ-ਛੋਟੀਆਂ ਥੈਲੀਆਂ ਵੰਡ ਰਹੇ ਹਨ ਅਤੇ ਥੈਲਿਆਂ ‘ਤੇ ਮੋਦੀ ਦੀ ਫੋਟੋ ਲੱਗੀ ਹੋਈ ਹੈ। ਚੜੂਨੀ ਨੇ ਕਿਹਾ ਕਿ ਬੀਜੇਪੀ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਰਕਾਰੀ ਅਨਾਜ ਪਿੰਡਾਂ ਵਿੱਚ ਵੰਡੇ ਅਤੇ ਅਨਾਜ ਦੀ ਆੜ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਕਈ ਜਗ੍ਹਾ ‘ਤੇ ਸਾਡੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਜਗ੍ਹਾ ਤਾਂ ਉਹ ਥੈਲੀਆਂ ਸਾੜਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਚੜੂਨੀ ਨੇ ਸਾਰੇ ਕਿਸਾਨਾਂ, ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਜੇਪੀ ਦੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲੜਵਾਉਣ ਦੀ ਸਾਜਿਸ਼ ਨੂੰ ਨਾਕਾਮ ਕੀਤਾ ਜਾਵੇ। ਚੜੂਨੀ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਜੋ ਅਨਾਜ ਲੈ ਰਹੇ ਹਨ, ਉਹ ਬੀਜੇਪੀ ਵੱਲੋਂ ਵੰਡੀਆਂ ਜਾਂਦੀਆਂ ਥੈਲੀਆਂ ਵਿੱਚੋਂ ਬੇਸ਼ੱਕ ਲੈ ਲੈਣ ਪਰ ਉਨ੍ਹਾਂ ਦੀਆਂ ਥੈਲੀਆਂ ਨੂੰ ਖਾਲੀ ਕਰਵਾ ਕੇ ਆਪਣੇ ਥੈਲੀਆਂ ਵਿੱਚ ਪਵਾ ਲੈਣ ਤੇ ਉਨ੍ਹਾਂ ਦੀਆਂ ਥੈਲੀਆਂ ਉਨ੍ਹਾਂ ਨੂੰ ਮੋੜ ਦੇਣ, ਜਾਂ ਫਿਰ ਉਨ੍ਹਾਂ ਥੈਲੀਆਂ ਨੂੰ ਸਾੜ ਦੇਣ ਪਰ ਕਣਕ ਮਜ਼ਦੂਰਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ। ਸਾਰੇ ਮਜ਼ਦੂਰ ਆਪਣਾ ਥੈਲਾ ਨਾਲ ਲੈ ਕੇ ਜਾਣ ਅਤੇ ਉਨ੍ਹਾਂ ਦਾ ਥੈਲਾ ਨਾ ਲੈਣ।

ਚੜੂਨੀ ਨੇ 20 ਅਗਸਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਰਾਂ ਵਿੱਚ ਸਵਾਰ ਕਿਸਾਨਾਂ ਦਾ ਵੱਡਾ ਜਥਾ ਸਿੰਘੂ ਬਾਰਡਰ ਲਈ ਰਵਾਨਾ ਕਰਨ ਦਾ ਐਲਾਨ ਕੀਤਾ ਹੈ। ਇਹ ਜਥਾ ਸਵੇਰੇ 9 ਵਜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲੇਗਾ। ਉਨ੍ਹਾਂ ਨੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਕਾਫ਼ਲੇ ਵਿੱਚ ਆਪਣੇ ਵਾਹਨਾਂ ਸਮੇਤ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਪਹੁੰਚ ਕੇ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਕੰਮ ਕਰਨ।