‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਮੁੱਦਿਆਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਸੋਸ਼ਲ ਮੀਡੀਆ ਉੱਤੇ ਸਿੱਖਾਂ ਪ੍ਰਤੀ ਨਫਰਤ ਫੈਲਾਉਣ ਦੇ ਯਤਨ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਸ਼ਰੇਆਮ ਕਿਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਕਿਤੇ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਉੱਤੇ ਹਮਲਾ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਮਾਹੌਲ ਵਿੱਚ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਸਿੱਖ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜਿਸ ਮੁਲਕ ਵਿੱਚ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ ਹਨ ਤਾਂ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਗਲਤ ਕਿਵੇਂ ਹੋ ਸਕਦੇ ਹਨ, ਜਿਸਨੂੰ ਆਧਾਰ ਬਣਾ ਕੇ ਸਿੱਖਾਂ ਖਿਲਾਫ਼ ਨਫਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ।
ਜਥੇਦਾਰ ਨੇ ਕਿਹਾ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦਿੱਤਿਆਂ ਨੂੰ ਕਿੰਨੇ ਦਿਨ ਹੋ ਗਏ ਹਨ, ਸਰਕਾਰ ਉਸ ਵਿਅਕਤੀ ਨੂੰ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ। ਪੂਰੀ ਸਿੱਖ ਕੌਮ ਨੂੰ ਖ਼ਤਮ ਕਰਨ ਦੀ ਚੁਣੌਤੀ ਦਿੱਤੀ ਗਈ ਹੈ। ਜੇ ਇਹੀ ਧਮਕੀ ਕਿਸੇ ਗੈਰ ਹਿੰਦੂ ਨੇ ਕਿਸੇ ਹਿੰਦੂ ਤੀਰਥ ਬਾਰੇ ਕਹੀ ਹੁੰਦੀ, ਤਾਂ ਸ਼ਾਇਦ ਉਹ ਅੱਜ ਜੇਲ੍ਹ ਵਿੱਚ ਬੰਦ ਹੁੰਦਾ ਤੇ ਸ਼ਾਇਦ ਕਦੇ ਨਿਕਲ ਵੀ ਨਾ ਪਾਉਂਦਾ। ਜਥੇਦਾਰ ਨੇ ਭਾਰਤ ਸਰਕਾਰ ਨੂੰ ਸਿੱਖਾਂ ਦੇ ਮਸਲੇ ਤੁਰੰਤ ਹੱਲ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਦੁਹਰਾਈ। ਸਾਡੀ ਇੱਕੋ ਹੀ ਮੰਗ ਹੈ ਕਿ ਸਿੱਖਾਂ ਦੇ ਨਾਲ ਇਨਸਾਫ਼ ਕੀਤਾ ਜਾਵੇ।