ਬਿਊਰੋ ਰਿਪੋਰਟ : ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈਕੇ ਪੰਥਕ ਇਕੱਤਰਤਾ ਸੱਦੀ ਸੀ ਜਿਸ ਵਿੱਚ ਵੱਡਾ ਫੈਸਲੇ ਹੋਏ ਹਨ । 3 ਘੰਟਿਆਂ ਤੱਕ ਚਲੀ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ਡਿਟੇਨ ਕੀਤੇ ਗਏ ਸਾਰੇ ਸਿੱਖਾਂ ਨੂੰ ਛੱਡਣ ਲਈ ਕਿਹਾ ਹੈ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਸਰਕਾਰ ਮੰਗ ਪੂਰੀ ਨਹੀਂ ਕਰਦੀ ਹੈ ਤਾਂ ਪੰਜਾਬ ਦੇ ਹਰ ਪਿੰਡ,ਸ਼ਹਿਰ ਵਿੱਚ ਵਹੀਰ ਦੇ ਰੂਪ ਵਿੱਚ ਸਿੱਖ ਸੰਗਤ ਵਿੱਚ ਜਾਇਆ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਸਾਡੇ ਨਾਲ ਕਿੰਨਾਂ ਧੱਕਾ ਹੋ ਰਿਹਾ ਹੈ । ਇਸ ਤੋਂ ਇਲਾਵਾ ਜਥੇਦਾਰ ਸਾਹਿਬ ਨੇ ਸਰਕਾਰ ਨੂੰ ਕਿਹਾ ਗਿਆ ਹੈ ਕਿ ਜੇਕਰ ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ਪੁਲਿਸ ਕੋਲ ਹੈ ਤਾਂ ਪੰਜਾਬ ਸਰਕਾਰ ਆਪਣਾ ਸਟੈਂਡ ਸਪੱਸ਼ਟ ਕਰੇ। ਮੀਟਿੰਗ ਵਿੱਚ ਇਹ ਵੀ ਤੈਅ ਹੋਇਆ ਹੈ ਕਿ ਡਿਟੇਨ ਕੀਤੇ ਗਏ ਸਿੱਖਾਂ ਨੂੰ ਕਾਨੂੰਨੀ ਮਦਦ ਦਿੱਤੀ ਜਾਵੇਗੀ , ਕੌਮੀ ਮੀਡੀਆ ‘ਤੇ ਵੀ ਜਥੇਦਾਰ ਸਾਹਿਬ ਕਾਫੀ ਨਰਾਜ਼ ਨਜ਼ਰ ਆਏ।
ਡਿਟੇਨ ਸਿੱਖਾਂ ਨੂੰ ਕਾਨੂੰਨੀ ਮਦਦ ਦਿੱਤੀ ਜਾਵੇਗੀ
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਗ੍ਰਿਫਤਾਰ ਨੌਜਵਾਨਾਂ ਨੂੰ ਮੁਫਤ ਕਾਨੂੰਨੀ ਮਦਦ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਗ੍ਰਿਫਤਾਰ ਲੋਕਾਂ ਦੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਮੇਟੀ ਕੋਲ ਆਉਣ ਅਤੇ ਕਾਨੂੰਨੀ ਕਾਗਜ਼ੀ ਕਾਰਵਾਈ ਪੂਰੀ ਕਰਨ । ਧਾਮੀ ਨੇ ਕਿਹਾ ਕਿ ਜੇਕਰ ਕਿਸੇ ਨੇ ਵਕੀਲ ਕਰ ਲਿਆ ਹੈ ਤਾਂ ਉਸ ਦੀ ਕਾਨੂੰਨੀ ਕਾਰਵਾਈ ਦੀ ਸਾਰੀ ਫੀਸ ਕਮੇਟੀ ਦੇਵੇਗੀ । ਜਿੰਨਾਂ 8 ਨੌਜਵਾਨਾਂ ਖਿਲਾਫ਼ NIA ਦੇ ਤਹਿਤ ਕਾਰਵਾਈ ਹੋਈ ਹੈ ਉਸ ਦੇ ਖਿਲਾਫ SGPC ਹਾਈਕੋਰਟ ਜਾਵੇਗੀ। ਇਸ ਤੋਂ ਇਲਾਵਾ ਕੌਮੀ ਮੀਡੀਆ ਨੂੰ ਲੈਕੇ ਜਥੇਦਾਰ ਸਾਹਿਬ ਨੇ ਸਖਤ ਟਿੱਪਣੀ ਕਰਕੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਕੌਮੀ ਮੀਡੀਆ ਖਿਲਾਫ਼ ਹੋਵੇ ਸਖਤ ਕਾਨੂੰਨੀ ਕਾਰਵਾਈ
ਅੰਮ੍ਰਿਤਪਾਲ ਸਿੰਘ ਦੇ ਇਸ ਪੂਰੇ ਮਾਮਲੇ ਵਿੱਚ ਜਿਸ ਤਰ੍ਹਾਂ ਨਾਲ ਕੌਮੀ ਮੀਡੀਆ ਦਾ ਰੋਲ ਵਿਖਾਈ ਦਿੱਤਾ ਹੈ ਇਸ ਨੂੰ ਲੈਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਫੀ ਨਰਾਜ਼ ਸਨ । ਉਨ੍ਹਾਂ ਨੇ SGPC ਨੂੰ ਨਿਰਦੇਸ਼ ਦਿੱਤੇ ਹਨ ਅਜਿਹੇ ਚੈਨਲਾਂ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਮੇਟੀ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਚੈਨਲਾਂ ਦੇ ਖਿਲਾਫ਼ ਕ੍ਰਿਮਿਨਲ ਕਾਨੂੰਨੀ ਕਾਰਵਾਈ ਕਰੇਗੀ। ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਕਿਹਾ ਕਿਸਾਨੀ ਅੰਦੋਲਨ ਦੌਰਾਨ ਜਦੋਂ ਲਾਲ ਕਿਲੇ ‘ਤੇ ਸਿੱਖ ਪਹੁੰਚੇ ਸਨ ਤਾਂ ਇੱਕ ਮੰਦਰ ਦੀ ਝਾਂਕੀ ਨੂੰ ਨੁਕਸਾਨ ਹੋਇਆ ਸੀ ਤਾਂ ਵੀ ਨੈਸ਼ਨਲ ਮੀਡੀਆ ਨੇ ਸ਼ੋਰ ਮਚਾਇਆ ਸੀ ਸਿੱਖਾਂ ਨੇ ਤੋੜਿਆ ਹੈ ਅਤੇ ਬਦਨਾਮ ਕੀਤਾ ਗਿਆ ਸੀ । ਇਸ ਤੋਂ ਇਲਾਵਾ ਜਥੇਦਾਰ ਨੇ ਕਿਹਾ ਮੈਂ 2 ਦਿਨ ਪਹਿਲਾਂ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਬਾਰੇ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਅਤੇ ਜੇਕਰ ਅੰਮ੍ਰਿਤਪਾਲ ਬਾਹਰ ਹੈ ਤਾਂ ਉਸ ਨੂੰ ਸਰੰਡਰ ਕਰਨਾ ਚਾਹੀਦਾ ਹੈ। ਪਰ ਮੀਡੀਆ ਨੇ ਮੇਰੀ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਇਹ ਲਾਈਨਾਂ ਉਡਾ ਦਿੱਤੀ । ਹੈਡਲਾਈਨ ਦੇ ਜ਼ਰੀਏ ਲੋਕਾਂ ਵਿੱਚ ਗਲਤ ਸੁਨੇਹਾ ਦਿੱਤਾ ਗਿਆ । ਉਨ੍ਹਾਂ ਕਿਹਾ ਦੂਜੀ ਗਲਤ ਗੱਲ ਇਹ ਹੋਈ ਹੈ ਜਿਹੜੇ ਸਾਡੇ ਸਿੱਖ ਮੁੰਡੇ ਚੈਨਲ ਚੱਲਾ ਰਹੇ ਸਨ ਉਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ,ਇਸ ਦੇ ਪਿੱਛੇ ਸੋਚੀ ਸਮਝੀ ਚਾਲ ਹੈ ਤਾਂਕਿ ਜਿਹੜਾ ਸਿੱਖਾਂ ਖਿਲਾਫ਼ ਨੈਰੇਟਿਵ ਬਣਾਇਆ ਜਾ ਰਿਹਾ ਹੈ ਕਿਧਰੇ ਉਸ ਨੂੰ ਨਾ ਤੋੜ ਦੇਣ । 100 ਤੋਂ ਵੱਧ ਫੇਸਬੁਕ ਪੇਜਾਂ ਅਤੇ ਚੈਨਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ । ਸਾਡੇ ਕੋਲ ਅਜਿਹੇ ਚੈਨਲਾਂ ਬਾਰੇ ਜਾਣਕਾਰੀ ਹੈ ।