India International Punjab

ਸਾਕਾ ਨਨਕਾਣਾ ਸਾਹਿਬ ਬਨਾਮ ਸੰਗਤ ‘ਤੇ ਸਰਕਾਰੀ ਰੋਕ-ਹਾਲੇ ਵੀ ਸਰਕਾਰ ਕੋਲ਼ ਇੱਕ ਦਿਨ ਬਾਕੀ ਹੈ, ਜਥੇਦਾਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਕੇਂਦਰ ਸਰਕਾਰ ਕੋਲ਼ ਇਕ ਦਿਨ ਦਾ ਹਾਲੇ ਸਮਾਂ ਹੈ ਕਿ ਉਹ ਨਨਕਾਣਾ ਸਾਹਿਬ ਸ਼ਹੀਦੀ ਸਾਕਾ ਮਨਾਉਣ ਜਾ ਰਹੇ ਜਥੇ ਤੇ ਲਾਈ ਰੋਕ ਨੂੰ ਹਟਾ ਦੇਵੇ, ਨਹੀਂ ਤਾਂ ਸਰਕਾਰ ਦੀ ਇਹ ਗਲਤੀ ਹਰ ਸਾਲ ਚੇਤਾਈ ਜਾਵੇਗੀ। ਉਨ੍ਹਾਂ ਕਿਹਾ ਕਿ 12 ਸਾਲ ਬਾਅਦ ਲੱਗਣ ਵਾਲੇ ਕੁੰਭ ਮੇਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬਹਾਨਾ ਨਹੀਂ ਬਣਾਇਆ ਜਾ ਰਿਹਾ, ਜਦਕਿ 100 ਸਾਲ ਬਾਅਦ ਨਨਕਾਣਾ ਸਾਹਿਬ ਜਾ ਕੇ ਸ਼ਹੀਦੀ ਸਾਕਾ ਮਨਾਉਣ ਜਾ ਰਹੇ ਜਥੇ ‘ਤੇ ਰੋਕ ਲਾ ਕੇ ਸਰਕਾਰ ਕੋਰੋਨਾ ਮਹਾਂਮਾਰੀ ਦਾ ਬਹਾਨਾ ਲਗਾ ਰਹੀ ਹੈ। ਜਥੇਦਾਰ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੰਸਾਰ ਭਰ ਦੇ ਸਿੱਖਾਂ ਦੇ ਦਿਲ ਵਲੂੰਧਰੇ ਗਏ ਹਨ। ਪਾਕਿਸਤਾਨ ਦੀਆਂ ਹਿੰਦੂ ਸਿੱਖ ਸੰਗਤਾਂ ਦੇ ਮਨ ਵੀ ਦੁਖੀ ਹੋਏ ਹਨ। ਕਈ ਕੀਰਤਨੀ ਜਥਿਆ ਨੂੰ ਸੁਣਨ ਲਈ ਸੰਗਤ ਤਿਆਰੀਆਂ ਕਰ ਰਹੀ ਸੀ। ਇਸ ਲਈ ਕੇਂਦਰ ਸਰਕਾਰ ਨੂੰ ਸਮਾਂ ਰਹਿੰਦੇ ਰੋਕ ਹਟਾ ਕੇ ਜਥੇ ਦਾ ਪਾਕਿਸਤਾਨ ਜਾਣ ਲਈ ਰਾਹ ਖੋਲ੍ਹ ਦੇਣਾ ਚਾਹੀਦਾ ਹੈ।
ਜਥੇਦਾਰ ਨੇ ਕਿਹਾ ਨਨਕਾਣਾ ਸਾਹਿਬ ਦਾ ਸਾਕਾ ਬਹੁਤ ਵੱਡਾ ਸਾਕਾ ਹੈ ਗੁਰੂਦੁਆਰਾ ਪ੍ਰਬੰਧ ਕਿਸੇ ਵੇਲੇ ਮਹੰਤਾਂ ਕੋਲ ਸੀ। ਮਹੰਤ ਦੁਰਾਚਾਰੀ ਹੋਏ ਤਾਂ ਉਸ ਵਕਤ ਖਲਾਸਾ ਪੰਥ ਨੇ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ। ਸੌ ਸਾਲ ਪਹਿਲਾਂ 20 ਫਰਵਰੀ ਨੂੰ ਗੁਰੁਦੁਆਰੇ ਦਾ ਪ੍ਰਬੰਧ ਲੈਣ ਗਈ ਸਿੱਖ ਸੰਗਤ ਤੇ ਹਮਲਾ ਕਰ ਦਿੱਤਾ ਗਿਆ ਤੇ ਕਈ ਲੋਕ ਸ਼ਹੀਦ ਹੋ ਗਏ ਸਨ। ਉਸੇ ਦਿਨ ਦੇ 100 ਸਾਲ ਪੂਰੇ ਹੋਣ ਮਗਰੋਂ ਸਿੱਖ ਸੰਗਤ ਨਨਕਾਣਾ ਸਾਹਿਬ ਜਾ ਰਹੀ ਹੈ, ਜਿਸ ‘ਤੇ ਸਰਕਾਰ ਨੇ ਰੋਕ ਲਾਈ ਹੈ।