Punjab

ਜਥੇਦਾਰ ਹਰਪ੍ਰੀਤ ਸਿੰਘ ਨੇ 7 ਅਪ੍ਰੈਲ ਨੂੰ ਮੁੜ ਸੱਦੀ ‘ਇਕੱਤਰਤਾ’ ! ਸਰਕਾਰ ਦੇ ਇਸ ਫੈਸਲੇ ਖਿਲਾਫ ਹੋਵੇਗਾ ਵੱਡਾ ਐਲਾਨ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਕੀਤੀ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ‘ਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਪਰ 7 ਅਪ੍ਰੈਲ ਲਈ ਇੱਕ ਅਹਿਮ ਪ੍ਰੋਗਰਾਮ ਦਾ ਐਲਾਨ ਜ਼ਰੂਰ ਕੀਤਾ ਹੈ। 18 ਮਾਰਚ ਤੋਂ ਬਾਅਦ ਕਈ ਪੰਜਾਬੀ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਐਕਾਉਂਟਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਚੈਨਲ ਨੂੰ ਆਫ ਏਅਰ ਕਰ ਦਿੱਤਾ ਇਸ ਦੀ ਸ਼ਿਕਾਇਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪਹੁੰਚੀ ਸੀ ਜਿਸ ਤੋਂ ਬਾਅਦ ਹੁਣ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ । ਇਸ ਤੋਂ ਪਹਿਲਾਂ 27 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਪੰਥਕ ਇਕੱਤਰਤਾ ਸੱਦੀ ਸੀ ਜਿਸ ਵਿੱਚ ਸਰਕਾਰ ਨੂੰ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ।

7 ਅਪ੍ਰੈਲ ਲਈ ਏਜੰਡਾ

ਜਥੇਦਾਰ ਸ਼ੀ ਅਕਾਲ ਤਖਤ ਦੇ ਸਕੱਤਰੇਤ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ 7 ਅਪ੍ਰੈਲ ਨੂੰ ਸਿੱਖ ਪੱਤਰਕਾਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੁਲਾਈ ਗਈ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਦਾ ਏਜੰਡਾ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਅਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਸਿਰਜੇ ਝੂਠੇ ਬਿਰਤਾਂਤ ਨੂੰ ਪੰਜਾਬ ਪ੍ਰਸਤ ਪੱਤਰਕਾਰਾਂ ਅਤੇ ਚੈਨਲਾਂ ਨੇ ਸੱਚੀ ਪੱਤਰਕਾਰਤਾਂ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ਟੰਗ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ ਚੈਨਲਾਂ ਦੀ ਆਵਾਜ਼ ਬੰਦ ਕੀਤੀ । ਇਸ ਵਰਤਾਰੇ ਦੀ ਪੜਚੋਲ ਕਰਦਿਆਂ ਸ਼੍ਰੀ ਅਕਾਲ ਤਖਤ ਦੀ ਅਗਵਾਈ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਧਰਮ ਪ੍ਰਚਾਰ ਅਤੇ ਕੌਮੀ ਹੱਕਾਂ ਦੀ ਪਹਿਰੇਦਾਰੀ,ਸਿੱਖ ਮੀਡੀਆ ਦੇ ਯੋਗਦਾਨ,ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ,ਸਿੱਖ ਮੀਡੀਆ ਨੂੰ ਚੁਣੌਤੀ ਅਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ‘ਤੇ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ ।

7 ਅਪ੍ਰੈਲ ਸਵੇਰ 11 ਵਜੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਇਕੱਤਰਤਾ ਹੋਵੇਗੀ। ਜਥੇਦਾਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ ਇਸ ਇਕੱਤਰਤਾ ਵਿੱਚ ਪੰਥ,ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਸੰਬੋਧਨ ਕਰਨਗੇ।ਸਮੂਹ ਸਿੱਖ ਅਤੇ ਪੰਜਾਬੀ ਪੱਤਰਕਾਰਤਾਂ ਨਾਲ ਜੁੜੇ ਹੋਏ ਪੰਜਾਬ ਪ੍ਰਸਤ ਵੀਰਾਂ ਅਤੇ ਭੈਣਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ।