‘ਦ ਖ਼ਾਲਸ ਬਿਊਰੋ:- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੀ ਅਗਵਾਈ ਵਿੱਚ ਸਿੱਖ ਬੁੱਧੀਜੀਵੀਆਂ ਦਾ ਵਫਦ 30 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਕੁਝ ਪਿੰਡਾਂ ਵਿਚ ਦਲਿਤ ਭਾਈਚਾਰੇ ਦੇ ਵੀਰਾਂ ਨਾਲ ਹੋ ਰਹੇ ਧੱਕੇ ਵਿਰੁਧ ਰੋਸ ਪ੍ਰਗਟ ਕਰਨ ਲਈ ਚਲ ਰਹੀ ਮੁਹਿੰਮ ਦੀ ਹਮਾਇਤ ਕਰਨ। ਦਰਅਸਲ ਇਸ ਵਫਦ ਦਾ ਅਸਲ ਟੀਚਾ ਇਹ ਹੈ ਕਿ ਸਿੱਖ ਧਰਮ ਵਿੱਚ ਜਾਤਪਾਤ ਦੇ ਹੋ ਰਹੇ ਪਸਾਰੇ ਨੂੰ ਰੋਕਿਆ ਜਾ ਸਕੇ।

ਵਫਦ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਆਉਣ ਵਾਲੀ 20 ਅਕਤੂਬਰ 2020 ਨੂੰ ਖਾਲਸਾ ਬਰਾਦਰੀ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਸ਼ਾਦ ਚੜ੍ਹਾਏ ਜਾਣ ਦੀ 100 ਸਾਲਾ ਯਾਦ ਨੂੰ ਮਨਾਉਣ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ। ਇਨ੍ਹਾਂ ਸਿੱਖ ਬੁੱਧੀਜੀਵੀਆਂ ਨੇ ਜਥੇਦਾਰ ਸਾਹਿਬ ਨਾਲ ਦੋ ਘੰਟੇ ਲੰਬੀ ਚਰਚਾ ਕਰਕੇ ਇਹ ਸਪਸ਼ਟ ਕਰਨ ਦਾ ਯਤਨ ਵੀ ਕੀਤਾ ਕਿ “ਸਾਨੂੰ ਇਸ ਕਰਕੇ ਸਿੱਖਾਂ ਵਿੱਚ ਫੈਲੀ ਜਾਤਪਾਤ ਬਾਰੇ ਨਰਮ ਰੁਖ ਨਹੀਂ ਅਪਨਾਉਣਾ ਚਾਹੀਦਾ ਕਿ ਇਹ ਹਿੰਦੂ ਸਮਾਜ ਦੇ ਮੁਕਾਬਲੇ ਬਹੁਤ ਘੱਟ ਹੈ। ਪੰਜਾਬ ਦੀਆਂ ਮੌਜੂਦਾ ਸਮਾਜੀ ਅਤੇ ਰਾਜਸੀ ਹਾਲਤਾਂ ਵਿੱਚ ਇਹ ਜਾਤਪਾਤੀ ਵਿਕਾਰ ਚਾਰ-ਚੁਫੇਰੇ ਫੈਲੇ ਬ੍ਰਾਹਮਣਵਾਦ ਨੂੰ ਹੋਰ ਵੀ ਤਗੜਾ ਕਰ ਰਿਹਾ ਹੈ। ਇਸ ਲਈ ਸਾਨੂੰ ਸਿੱਖ ਪੰਥ ਵਿੱਚ ਜਾਤਪਾਤ ਨੂੰ ਕਿਸੇ ਵੀ ਸੂਰਤ ਵਿੱਚ ਪ੍ਰਵਾਨਗੀ ਨਹੀਂ ਦੇਣੀ ਚਾਹੀਦੀ”।

 

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜਾਤਪਾਤ ਵਿਰੋਧੀ ਲਹਿਰ ਨੂੰ ਹਮਾਇਤ ਦੇਣ ਦੀ ਪ੍ਰਵਾਨਗੀ ਦਿੱਤੀ। ਉਹਨਾਂ ਕੁਝ ਨੁਕਤੇ ਵੀ ਸਾਂਝੇ ਕੀਤੇ, ਜੋ ਕਿ ਅੱਗੇ ਦੱਸੇ ਗਏ ਹਨ:

  1. 20 ਅਕਤੂਬਰ 1920 ਨੂੰ ਖਾਲਸਾ ਬਰਾਦਰੀ, ਸਿੱਖ ਆਗੂਆਂ ਅਤੇ ਖਾਲਸਾ ਕਾਲਜ ਦੇ ਕੁਝ ਪ੍ਰੋਫੋਸਰਾਂ ਨੇ ਸਾਂਝੇ ਰੂਪ ਵਿਚ ਪਹਿਲੀ ਵਾਰ ਨੀਚ ਕਹੀਆਂ ਜਾਂਦੀਆ ਜਾਤੀਆਂ ਦਾ ਪ੍ਰਸ਼ਾਦ ਸ੍ਰੀ ਦਰਬਾਰ ਸਾਹਿਬ ਵਿਚ ਚੜ੍ਹਾਇਆ ਸੀ। ਜਦੋਂ ਪੁਜਾਰੀ ਇਸ ਘਟਨਾ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਤਰਾ ਵਾਚ ਗਏ ਸਨ ਤਾਂ ਇਹ ਦੋਵੇਂ ਮਹਾਨ ਅਦਾਰੇ ਖਾਲਸਾ ਪੰਥ ਦੀ ਅਗਵਾਈ ਹੇਠ ਆਏ ਸਨ। ਉਸ ਦਿਨ ਹੀ ਸਾਮਰਾਜੀ ਹਮਾਇਤ ਪ੍ਰਾਪਤ ਮਹੰਤਾਂ ਦੇ ਕਬਜੇ ਵਿਚੋਂ ਇਨ੍ਹਾਂ ਸੰਸਥਾਂਵਾਂ ਨੂੰ ਆਜਾਦ ਕਰਵਾਇਆ ਗਿਆ ਸੀ ਤੇ ਇਥੇ ਹੋ ਰਹੇ ਬ੍ਰਾਹਮਣੀ ਕਰਮਕਾਂਡ ਨੂੰ ਖਤਮ ਕੀਤਾ ਗਿਆ ਸੀ। 20 ਅਕਤੂਬਰ 2020 ਨੂੰ ਇਸ ਮਹਾਨ ਘਟਨਾ ਦੀ ਸੌ ਸਾਲਾਂ ਯਾਦ ਵਿੱਚ ਦਲਿਤ ਭਾਈਚਾਰੇ ਵੱਲੋਂ ਜਲਿਆਂਵਾਲੇ ਬਾਗ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਇੱਕ ਖਾਲਸਾ ਮਾਰਚ ਕੱਢਿਆ ਜਾਵੇਗਾ। ਜਥੇਦਾਰ ਸਾਹਿਬ ਨੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ।

 

  1. ਸ੍ਰੀ ਗੁਰੂ ਕੇਂਦਰੀ ਸਿੰਘ ਸਭਾ, ਚੰਡੀਗੜ੍ਹ ਵੱਲੋਂ ਅਗਲੇ ਮਹੀਨੇ ਸਿੱਖ ਪੰਥ ਅੰਦਰ ਜਾਤਪਾਤ ਦੇ ਮਸਲੇ ਨੂੰ ਲੈ ਕੇ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ ਜਾਵੇਗਾ। ਜਥੇਦਾਰ ਸਾਹਿਬ ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਸੈਮੀਨਾਰ ਵਿੱਚ ਸਿੱਖ ਚਿੰਤਕਾਂ, ਦਲਿਤ ਸਮਾਜੀ ਜਥੇਬੰਦੀਆਂ ਅਤੇ ਰਾਜਸੀ ਆਗੂਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।

 

  1. ਜਥੇਦਾਰ ਸਾਹਿਬ ਵਫਦ ਦੇ ਇਸ ਸੁਝਾਅ ਨਾਲ ਵੀ ਸਹਿਮਤ ਹੋਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਉਣ ਵਾਲੇ 400 ਸਾਲਾਂ ਸ਼ਤਾਬਦੀ ਪੁਰਬ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਅਤੇ ਸਿੱਖਾਂ ਵਿੱਚ ਜਾਤਪਾਤ ਨੂੰ ਖਤਮ ਕਰਨ ਦੀ ਇਕ ਮੁਹਿੰਮ ਵਜੋਂ ਮਨਾਇਆ ਜਾਵੇ।

 

ਇਸ ਵਫਦ ਵਿੱਚ ਗਲੋਬਲ ਸਿੱਖ ਕੌਂਸਲ ਦੇ ਸ੍ਰ ਗੁਰਪ੍ਰੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕਤਰ ਡਾ. ਖੁਸ਼ਹਾਲ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡਾ. ਅੰਬੇਡਕਰ ਚੇਅਰ ਦੇ ਸਾਬਕਾ ਮੁਖੀ ਪ੍ਰੋ. ਮਨਜੀਤ ਸਿੰਘ, ਇੰਸਟੀਚਿਊਟ ਆਫ ਸਿਖ ਸਟਡੀਜ ਦੇ ਮੈਂਬਰ ਸ੍ਰ ਜਸਪਾਲ ਸਿੰਘ, ਬਾਬਾ ਜੀਵਨ ਸਿੰਘ ਫਾਊਂਡੇਸ਼ਨ ਦੇ ਸ੍ਰ ਰਾਜਵਿੰਦਰ ਸਿੰਘ ਰਾਹੀ, ਲੇਖਕ ਅਜੈਪਾਲ ਸਿੰਘ ਬਰਾੜ ਅਤੇ ਪਰਗਾਸ ਨਾਦ ਦੇ ਪ੍ਰੋ. ਜਗਦੀਸ਼ ਸਿੰਘ ਸ਼ਾਮਿਲ ਸਨ।