Punjab Religion

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਦੇਹਾਂਤ ! ਇਸ ਮੁੱਦੇ ‘ਤੇ SGPC ਦਾ ਵਿਰੋਧ ਕਰਨ ‘ਤੇ ਅਹੁਦੇ ਤੋਂ ਹਟਣਾ ਪਿਆ ਸੀ

 

ਬਿਉਰੋ ਰਿਪੋਰਟ : ਤਖ਼ਤ ਸ੍ਰੀ ਦਮਦਮਾ ਸਾਹਿਬ (TAKHAT SRI DAMDAMA SAHIB) ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ (BALWANT SINGH NANDGARH) ਅਕਾਲ ਚਲਾਣਾ ਕਰ ਗਏ ਹਨ। ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਸ੍ਰੀ ਮੁਕਤਸਰ ਸਾਹਿਬ ਵਿੱਚ 80 ਸਾਲ ਦੀ ਉਮਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋਇਆ। ਸਾਬਕਾ ਜਥੇਦਾਰ ਨੰਦਗੜ੍ਹ ਆਪਣੇ ਪੁੱਤਰ ਸ਼ਿਵਰਾਜ ਸਿੰਘ ਦੇ ਨਾਲ ਰਹਿੰਦੇ ਸਨ, ਜੋ ਜੇਲ੍ਹ ਸੁਪਰਡੈਂਟ ਹਨ । 2003 ਤੋਂ ਲੈਕੇ 2015 ਤੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਨਿਭਾਇਆ । ਦੱਸਿਆ ਜਾ ਰਿਹਾ ਹੈ ਕਿ ਸਾਬਕਾ ਜਥੇਦਾਰ ਸਾਹਿਬ ਦਾ ਸਸਕਾਰ ਉਨ੍ਹਾਂ ਦੇ ਫਾਰਮ ਹਾਊਸ ਜੇਲ੍ਹ ਰੋਡ ਸ੍ਰੀ ਮੁਕਤਸਰ ਸਾਹਿਬ ਵਿੱਚ ਦੁਪਹਿਰ ਨੂੰ ਕੀਤਾ ਗਿਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ‘ਤੇ ਹਰਦਰਦੀ ਦਾ ਪ੍ਰਗਟਾਵਾ ਕਰਕੇ ਹੋਏ ਉਨ੍ਹਾਂ ਦੀ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕੀਤੀ ਹੈ । 2015 ਵਿੱਚ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਨਾਨਕਸ਼ਾਹੀ ਕਲੰਡਰ ਨੂੰ ਲੈਕੇ ਵਿਵਾਦ ਤੋਂ ਬਾਅਦ SGPC ਨੇ ਉਨ੍ਹਾਂ ਨੂੰ ਹਟਾ ਦਿੱਤਾ ਸੀ।

ਜਥੇਦਾਰ ਨੰਦਗੜ੍ਹ ਨੇ ਨਾਨਕਸ਼ਾਹੀ ਕਲੰਡਰ ਦੀ ਸੋਧ ਦਾ ਵਿਰੋਧ ਕੀਤਾ ਸੀ

ਜਦੋਂ 2003 ਦੇ ਮੂਲ ਨਾਨਕਸ਼ਾਹੀ ਕਲੰਡਰ (nanakshahi calendar) ਵਿੱਚ ਬਲਦਾਅ ਕੀਤਾ ਗਿਆ ਸੀ ਤਾਂ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਸਿੱਖ ਪੰਥ ਨੇ ਬਹੁਤ ਸੋਚ ਵਿਚਾਰਨ ਦੇ ਬਾਅਦ ਨਾਨਕਸ਼ਾਹੀ ਕਲੰਡਰ ਬਣਾਇਆ ਸੀ ਇਹ ਸਿੱਖਾਂ ਦੀ ਵੱਖਣੀ ਹੋਂਦ ਵੀ ਤਰਜ਼ਮਾਨੀ ਕਰਦਾ ਹੈ। ਪਰ ਇਸ ਦੇ ਬਾਵਜੂਦ ਬ੍ਰਾਹਮਣੀ ਸੋਚ ਨੂੰ ਹਾਵੀ ਕਰਕੇ ਸਿੱਖਾਂ ਦੇ ਨਿਆਰੇ ਕਲੰਡਰ ਨੂੰ ਖ਼ਤਮ ਕਰ ਦਿੱਤਾ ਗਿਆ । ਜਥੇਦਾਰ ਨੰਦਗੜ੍ਹ ਨੇ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗੁਰਬਚਨ ਸਿੰਘ ‘ਤੇ ਸੰਤ ਸਮਾਜ ਦੇ ਦਬਾਅ ਵਿੱਚ ਫੈਸਲੇ ਲੈਣ ਦਾ ਇਲਜ਼ਾਮ ਵੀ ਲਗਾਇਆ ਸੀ । ਉਨ੍ਹਾਂ ਨੇ ਕਿਹਾ ਸੀ ਕਿ ਗੁਰਬਚਨ ਸਿੰਘ ਇੱਕ ਪਾਸੜ ਫੈਸਲੇ ਲੈਂਦੇ ਹਨ,ਉਹ ਹੋਰ ਜਥੇਦਾਰ ਦੀ ਰਾਇ ਨਹੀਂ ਲੈਂਦੇ ਹਨ । ਜਿਸ ਤੋਂ ਬਾਅਦ 17 ਜਨਵਰੀ 2015 ਨੂੰ ਉਨ੍ਹਾਂ ਨੂੰ SGPC ਨੇ ਇੱਕ ਮੀਟਿੰਗ ਕਰਕੇ ਅਹੁਦੇ ਤੋਂ ਹਟਾ ਦਿੱਤਾ ਸੀ । 2015 ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲਕਲਾਂ ਮੋਰਚੇ ਵਿੱਚ ਵੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਹਿੱਸਾ ਲਿਆ ਸੀ । 14 ਅਕਤੂਬਰ 2018 ਵਿੱਚ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲਾਹਣਤ ਪੱਤਰ ਵੀ ਪੜ੍ਹਿਆ ਸੀ।

ਜਥੇਦਾਰ ਸ੍ਰੀ ਅਕਾਲ ਤਖਤ ਦਾ ਸੁਨੇਹਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਕਾਮਨਾ ਕੀਤੀ ਹੈ ਕਿ ਉਹ ਇਸ ਬਿਖਮ ਭਾਣੇ ਨੂੰ ਸਹਿਣ ਕਰਨ ਦਾ ਸਾਕ-ਸਨੇਹੀਆਂ ਨੂੰ ਬਲ ਬਖਸ਼ਣ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਸ਼ੋਕ ਸੁਨੇਹੇ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਹਰੇਕ ਮਨੁੱਖ ਦਾ ਸੰਸਾਰ ਉੱਤੇ ਜਨਮ ਲੈਣਾ ਅਤੇ ਮੌਤ ਦਾ ਵਰਤਾਰਾ ਅਟੱਲ ਹੈ ਪਰ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਪੰਥਕ ਤੌਰ ‘ਤੇ ਪੀੜਾਦਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦੇ ਅਕਾਲ ਚਲਾਣੇ ਦੀ ਅੱਜ ਖ਼ਬਰ ਮਿਲਦਿਆਂ ਹੀ ਹਰੇਕ ਪੰਥ ਦਰਦੀ ਦੇ ਮਨ ਨੂੰ ਅਸਹਿਜਤਾ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਲੰਬਾ ਸਮਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਕੌਮੀ ਸੇਵਾ ਨਿਭਾਈ ਹੈ, ਜਿਸ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਹੋ ਜਿਹੇ ਪੀੜਾਦਾਇਕ ਸਮੇਂ ਵਿਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਾਰੇ ਸਾਕ-ਸਨੇਹੀਆਂ ਨੂੰ ਇਹ ਬਿਖਮ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਗਿਆਨੀ ਨੰਦਗੜ੍ਹ ਨੂੰ ਸਦੀਵੀ ਤੌਰ ‘ਤੇ ਅਕਾਲ ਪੁਰਖ ਦੇ ਚਰਨਾਂ ਵਿਚ ਨਿਵਾਸ ਬਖਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ।