‘ਦ ਖਾਲਸ ਬਿਓਰੋ : ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 26 ਜਨਵਰੀ ਦਾ ਇਤਿਹਾਸਕ ਦਿਹਾੜਾ ਜੰਡਿਆਲਾ ਗੁਰੂ ਕਸਬੇ ਦੀ ਮੰਡੀ ਵਿੱਚ ਫਤਿਹ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਇਸ ਦਿਨ ਲੱਖਾਂ ਲੋਕਾਂ ਦਾ ਇਕੱਠ ਹੋਵੇਗਾ।
ਉਹਨਾਂ ਹੋਰ ਬੋਲਦੇ ਹੋਏ ਕਿਹਾ ਕਿ ਆਮ ਲੋਕਾਂ ਅਤੇ ਕਿਸਾਨਾਂ ਨੂੰ ਹਰ ਗੱਲ ਦੀ ਸਹੀ ਜਾਣਕਾਰੀ ਤੇ ਦਿਸ਼ਾ ਨਿਰਦੇਸ਼ ਦੇਣਾ ਬਹੁੱਤ ਜਰੂਰੀ ਹੈ। 26 ਜਨਵਰੀ ਦਾ ਇਤਿਹਾਸਕ ਦਿਹਾੜਾ,ਜੰਡਿਆਲਾ ਗੁਰੂ ਕਸਬੇ ਦੀ ਮੰਡੀ ਵਿੱਚ ਫਤਿਹ ਦਿਹਾੜੇ ਵਜੋਂ ਮਨਾਇਆ ਜਾਵੇਗਾ।
ਤਿੰਨ ਕਾਨੂੰਨਾ ਦੀ ਵਾਪਸੀ ਅਤੇ ਪੰਜ ਜਨਵਰੀ ਨੂੰ ਮੋਦੀ ਦੀ ਰੈਲੀ ਵਿੱਚ ਆਮ ਲੋਕਾਂ ਦਾ ਨਾ ਜੁੜਨਾ,ਇਕ ਤਰਾਂ ਨਾਲ ਕਿਸਾਨੀ ਅੰਦੋਲਨ ਦੀ ਜਿੱਤ ਹੈ।ਸੰਘਰਸ਼ ਵਿੱਚ ਬੀਬੀਆਂ ਅਤੇ ਸਾਡੇ ਨੌਜਵਾਨਾਂ ਦਾ ਵਿੱਚ ਯੋਗਦਾਨ ਸ਼ਲਾਘਾਯੋਗ ਹੈ।ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਸੰਘਰਸ਼ਾਂ ਵਿੱਚ ਇਹਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇਗੀ।ਸਾਡਾ ਸੰਘਰਸ਼ ਹਾਲੇ ਮੁੱਕਿਆ ਨੀ ਹੈ ਅਤੇ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਕਰਜੇ ਦਾ ਭਾਰ ਘੱਟ ਹੋਵੇ।ਸਰਕਾਰਾਂ ਦਾ ਰਵਇਆ ਹਮੇਸ਼ਾ ਪੱਖਪਾਤੀ ਰਿਹਾ ਹੈ।ਇਥੇ ਪੂੰਜੀਪਤੀਆਂ ਨੂੰ ਝੱਟ ਕਰਜ ਮੁਆਫੀ ਮਿਲ ਜਾਂਦੀ ਹੈ ਤੇ ਕਿਸਾਨਾਂ ਦੀ ਵਾਰੀ,ਸਰਕਾਰ ਪੱਲਾ ਝਾੜ ਲੈਂਦੀ ਹੈ।ਸੂਬਿਆਂ ਕੋਲ ਖੇਤੀ ਨੀਤੀ ਬਣਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਸੁਤੰਤਰ ਤਰੀਕੇ ਨਾਲ ਕੰਮ ਕਰ ਸੱਕਣ ਤੇ ਖੇਤੀ ਕੁਦਰਤ ਪੱਖੀ ਤੇ ਕਿਸਾਨ-ਮਜਦੂਰ ਲਈ ਫਾਇਦੇਮੰਦ ਹੋਣੀ ਜਰੂਰੀ ਹੈ।
ਉਹਨਾਂ ਬੇਰੁਜ਼ਗਾਰੀ ਨੂੰ ਸਭ ਤੋਂ ਵੱਡੀ ਸੱਮਸਿਆ ਦਸਦੇ ਹੋਏ ਕਿਹਾ ਕਿ ਛੋਟੀ ਇੰਡਸਟਰੀ ਨੂੰ ਕਾਰਪੋਰੇਟ ਨੇ ਨਿਗਲਿਆ ਹੈ। ਸਾਡੇ ਸਿੱਖਿਆ ਖੇਤਰ ਵਿੱਚ ਬਹੁਤ ਸੁਧਾਰ ਦੀ ਲੋੜ ਹੈ।ਮਹਿੰਗੀ ਵਿੱਦਿਆ ਕਰਕੇ ਆਮ ਵਰਗ ਬਹੁਤ ਤੰਗ ਹੈ।
ਕਰਜਾ,ਬੇਰੋਜਗਾਰੀ ਆਤਮਹੱਤਿਆ ਦੇ ਦੋ ਮੁੱਖ ਕਾਰਣ ਹਨ।ਐਨਾ ਪੜ ਕੇ ਵੀ ਜਦ ਕੰਮ ਨਹੀਂ ਮਿਲਦਾ ਤਾਂ ਸਾਡਾ ਨੌਜਵਾਨ ਨਸ਼ਿਆਂ ਵੱਲ ਤੁਰ ਪੈਂਦਾ ਹੈ,ਜੋ ਕਿ ਬਹੁਤ ਵੱਡੀ ਤ੍ਰਾਸਦੀ ਹੈ।ਦੇਸ਼ ਦੇ ਲੀਡਰ ਵੋਟਾਂ ਨੇੜੇ ਆ ਕੇ ਲਾਰੇ ਤਾਂ ਬਹੁਤ ਲਾਉਂਦੇ ਆ ਪਰ ਉਹਨਾਂ ਵਿੱਚੋਂ ਇਕ ਵੀ ਪੂਰਾ ਨਹੀਂ ਹੁੰਦਾ।ਸੋ ਜਰੂਰੀ ਹੈ ਕਿ ਆਪਣੀਆਂ ਮੰਗਾ ਮਨਵਾਉਣ ਲਈ ਸੰਘਰਸ ਕੀਤਾ ਜਾਵੇ।
ਅਖੀਰ ਵਿੱਚ,ਉਹਨਾਂ ਸਭ ਨੂੰ 26 ਜਨਵਰੀ ਨੂੰ ਫ਼ਤਿਹ ਦਿਹਾੜੇ ਵਜੋਂ ਮਨਾਉਣ ਲਈ,ਵੱਡੀ ਸੰਖਿਆ ਵਿੱਚ ਕਸਬਾ ਜੰਡਿਆਲਾ ਗੁਰੂ ਦੀ ਮੰਡੀ ਵਿੱਚ ਪਹੁੰਚਣ ਦੀ ਅਪੀਲ ਕੀਤੀ।