India Punjab

ਮੋਰਿੰਡਾ ਵਾਂਗ ਜੰਮੂ ਦੇ ਗੁਰਦੁਆਰੇ ‘ਚ ਔਰਤ ਵੱਲੋਂ ਬੇਅਦਬੀ ਦਾ ਵੀਡੀਓ !ਮੋਬਾਈਲ ‘ਤੇ ਲੈ ਰਹੀ ਸੀ ਨਿਰਦੇਸ਼ !

ਜੰਮੂ : ਮੋਰਿੰਡਾ ਵਾਂਗ ਜੰਮੂ ਦੇ ਗੁਰਦੁਆਰਾ ਸਿੰਘ ਸਭਾ ਰਾਣੀ ਤਲਾਬ ਗੁਰਦੁਆਰੇ ਵਿੱਚ ਬੇਅਦਬੀ ਦੀ ਘਟਨਾ ਨੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ‘ਤੇ ਗਹਿਰੀ ਸੱਟ ਮਾਰੀ ਹੈ। ਇਸ ਘਟਨਾ ਨੂੰ ਅੰਜਾਮ ਇੱਕ ਔਰਤ ਵੱਲੋਂ ਦਿੱਤਾ ਗਿਆ ਹੈ। ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (DGPC) ਜੰਮੂ ਦੇ ਪ੍ਰਧਾਨ ਰਣਜੀਤ ਸਿੰਘ ਟੋਹੜਾ ਮੁਤਾਬਕ ਔਰਤ ਦੁਪਹਿਰ 3 ਵਜੇ ਦੇ ਕਰੀਬ ਗੁਰਦੁਆਰੇ ਅੰਦਰ ਆਉਂਦੀ ਹੈ। ਗੁਰੂ ਘਰ ਵਿੱਚ ਦਾਖ਼ਲ ਹੋਣ ਦਾ ਔਰਤ ਉਹ ਰਸਤਾ ਚੁਣਦੀ ਹੈ, ਜਿੱਥੇ ਕੈਮਰੇ ਨਾ ਲੱਗੇ ਹੋਣ, ਯਾਨੀ ਆਉਣ ਤੋਂ ਪਹਿਲਾਂ ਉਸ ਨੇ ਰੇਕੀ ਕੀਤੀ ਹੋਈ ਸੀ।

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਉਹ ਕਿਸੇ ਨਾਲ ਮੋਬਾਈਲ ‘ਤੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ, ਯਾਨੀ ਉਸ ਨੂੰ ਕੋਈ ਨਿਰਦੇਸ਼ ਦੇ ਰਿਹਾ ਸੀ। ਜਿਵੇਂ ਹੀ ਉਹ ਦੀਵਾਨ ਹਾਲ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਪਹੁੰਚ ਦੀ ਹੈ। ਇੱਕ ਵਾਰ ਮੁੜ ਤੋਂ ਬਾਹਰ ਜਾਂਦੀ ਹੈ ਅਤੇ ਵੇਖਦੀ ਹੈ ਕਿ ਕੋਈ ਹੈ ਤਾਂ ਨਹੀਂ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਰੁਮਾਲਾ ਸਾਹਿਬ ਨੂੰ ਮਾੜੇ ਤਰੀਕੇ ਨਾਲ ਉਤਾਰ ਕੇ ਬੇਅਦਬੀ ਕਰਕੇ ਫ਼ਰਾਰ ਹੋ ਜਾਂਦੀ ਹੈ।ਉਸ ਦੀ ਇਹ ਹਰਕਤ ਦੀਵਾਨ ਹਾਲ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੁੰਦੀ ਹੈ। ਔਰਤ ਨੇ ਹਰੇ ਰੰਗ ਦੀ ਸਾੜੀ ਪਾਈ ਹੁੰਦੀ ਹੈ। ਸਿੱਖ ਸੰਗਤਾਂ ਦੇ ਦਬਾਅ ਤੋਂ ਬਾਅਦ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰ ਉਹ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਹੈ ।

ਔਰਤ ਆਪਣੇ ਬਿਆਨ ਬਦਲ ਰਹੀ ਹੈ ।

ਪੁਲਿਸ ਨੇ ਬੇਅਦਬੀ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਖਿਲਾਫ਼ ਐੱਫਆਈਆਰ( FIR) ਵੀ ਦਰਜ ਕਰ ਲਈ ਗਈ ਹੈ। ਦੂਜੇ ਪਾਸੇ ਸਿੱਖ ਸੰਗਤਾਂ ਦਾ ਗੁੱਸਾ ਘੱਟ ਨਹੀਂ ਹੋਇਆ ਹੈ। ਸੰਗਤ ਕਹਿ ਰਹੀ ਹੈ ਕਿ ਔਰਤ ਖਿਲਾਫ 295 A ਦਾ ਪਰਚਾ ਦਰਜ ਹੋਣਾ ਚਾਹੀਦਾ ਹੈ,ਜਿੰਨਾਂ ਲੋਕਾਂ ਦੇ ਇਸ਼ਾਰੇ ‘ਤੇ ਔਰਤ ਨੇ ਬੇਅਦਬੀ ਕੀਤੀ ਹੈ, ਉਨ੍ਹਾਂ ਦਾ ਨਾਂ ਸਾਹਮਣੇ ਆਉਣਾ ਚਾਹੀਦਾ ਹੈ। ਗੁਰਦੁਆਰੇ ਵਿੱਚ ਮੌਜੂਦ ਸਿੱਖ ਸੰਗਤ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਔਰਤ ਦਿਮਾਗੀ ਤੌਰ ‘ਤੇ ਪਰੇਸ਼ਾਨ ਕਹਿਕੇ ਨਾ ਛੱਡ ਦੇਵੇ, ਜਿਵੇਂ ਹੋਰ ਬੇਅਦਬੀ ਦੀਆਂ ਘਟਨਾਵਾਂ ਦੌਰਾਨ ਕੀਤਾ ਹੈ। ਮੌਕੇ ‘ਤੇ ਮੌਜੂਦ ਸਿੱਖ ਨੌਜਵਾਨਾਂ ਨੇ ਕਿਹਾ ਔਰਤ ਦਿਮਗੀ ਤੌਰ ‘ਤੇ ਬਿਲਕੁਲ ਠੀਕ ਹੈ, ਉਹ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਹੈ। ਉਸ ਨੇ ਆਪਣੇ ਪਤੀ ਦਾ ਨੰਬਰ ਵੀ ਦਿੱਤਾ ਹੈ।

ਔਰਤ ਨੇ ਪਹਿਲਾਂ ਕਿਹਾ ਕਿ ਮੇਰੇ ਪਤੀ ਨੇ ਗੁਰਦੁਆਰੇ ਜਾਕੇ ਮੈਨੂੰ ਚੋਰੀ ਕਰਨ ਦੇ ਲਈ ਕਿਹਾ ਸੀ। ਫਿਰ ਉਸ ਨੇ ਬਿਆਨ ਬਦਲ ਕੇ ਕਿਹਾ ਮੈਨੂੰ ਕਿਸੇ ਠੇਕੇਦਾਰ ਨੇ ਕਿਹਾ ਸੀ ਜਦੋਂ ਮੁੜ ਤੋਂ ਔਰਤ ਨੂੰ ਸਵਾਲ ਪੁੱਛਿਆ ਤਾਂ ਉਸ ਨੇ ਕਿਹਾ ਮੇਰੇ ਪਤੀ ਨੇ ਕਿਹਾ ਸੀ ਕਿ ਤੂੰ ਗੁਰਦੁਆਰੇ ਤੋਂ ਪੈਸੇ ਲੈਕੇ ਆ। ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਜ਼ਿਲ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾਉਣ ਦੀ ਨਸੀਹਤ ਦਿੱਤੀ ।

ਕਮੇਟੀ ਨੂੰ ਨੌਜਵਾਨਾਂ ਦੀ ਸਲਾਹ

ਸਿੱਖ ਨੌਜਵਾਨਾਂ ਨੇ ਕਿਹਾ ਗੁਰੂਘਰਾਂ ਵਿੱਚ ਸੇਵਾਦਾਰਾਂ ਦੀ ਕਮੀ ਹੈ। ਸੀਸੀਟੀਵੀ ਕੈਮਰੇ ਲੱਗੇ ਹਨ ਪਰ ਕੁਝ ਬੰਦ ਪਏ ਹਨ। ਸਾਨੂੰ ਆਪਣੇ ਗੁਰੂ ਘਰਾਂ ਦੀ ਰਾਖੀ ਆਪ ਕਰਨੀ ਹੋਵੇਗੀ। ਉਨ੍ਹਾਂ ਜ਼ਿਲ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਅਸੀਂ ਤੁਹਾਨੂੰ ਗੁਰੂ ਘਰਾਂ ਦੀ ਰਾਖੀ ਦੇ ਲਈ ਚੁਣਿਆ ਹੈ, ਸਿਰਫ਼ ਘਟਨਾ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨ ਨਾਲ ਕੁੱਝ ਨਹੀਂ ਹੋਵੇਗਾ ਸਖ਼ਤ ਕਦਮ ਚੁੱਕਣਗੇ ਪੈਣਗੇ । ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਬੇਅਦਬੀ ਦੀ ਘਟਨਾ ਨੂੰ ਰੋਕਣ ਦੇ ਲਈ ਅੱਠੇ ਪਹਿਰ ਟਹਿਲ ਸੰਸਥਾ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ।

ਅੱਠੇ ਪਹਿਰ ਟਹਿਲ ਜਥੇਬੰਦੀ ਵੱਲੋਂ ਮੁਹਿੰਮ

ਅੱਠੇ ਪਹਿਰ ਟਹਿਲ ਜਥੇਬੰਦੀ ਨੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ ਅਹਿਮ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਗੁਰੂ ਘਰਾਂ ਵਿੱਚ ਬੇਅਦਬੀ ਨੂੰ ਰੋਕਣ ਦੇ ਲਈ ਸੰਗਤਾਂ ਆਪ ਦੋ-ਦੋ ਘੰਟੇ ਪਹਿਰਾ ਦਿੰਦੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਤਾਲੇ ਅਤੇ ਸੀਸੀਟੀਵੀ ਕੈਮਰਿਆਂ ਨਾਲ ਕੁਝ ਨਹੀਂ ਹੋ ਸਕਦਾ ਹੈ। ਤਾਲੇ ਟੁੱਟ ਸਕਦੇ ਹਨ ਅਤੇ ਸੀਸੀਟੀਵੀ ਕੈਮਰੇ ਤੁਹਾਨੂੰ ਸਿਰਫ਼ ਵਾਰਦਾਤ ਦੀ ਜਾਣਕਾਰੀ ਦੇ ਸਕਦੇ ਹਨ ਪਰ ਮੌਕੇ ‘ਤੇ ਬੇਅਦਬੀ ਦੀ ਘਟਨਾ ਨੂੰ ਰੋਕਣ ਦੇ ਲਈ ਸਾਨੂੰ ਆਪ ਪਹਿਲ ਕਰਨੀ ਪਏਗੀ । ਸੱਤ ਸਾਲ ਦੀ ਜਸਮੀਤ ਕੌਰ ਨੇ ਇਸੇ ਮੁਹਿੰਮ ਤਹਿਤ ਗੁਰਦਾਸਪੁਰ ਦੇ ਦਾਦੂਵਾਲ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਨੂੰ ਰੋਕਣ ਵਿੱਚ ਅਹਿਮ ਰੋਲ ਅਦਾ ਕੀਤਾ। ਬੱਚੀ ਨੂੰ ਇੱਕ ਸ਼ਖ਼ਸ ਨੇ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿੱਥੇ ਹੈ ਤਾਂ ਉਸ ਨੇ ਕਿਹਾ ਤੁਸੀਂ ਕੀ ਲੈਣ ਹੈ? ਇਸ ਤੋਂ ਬਾਅਦ ਸ਼ਖ਼ਸ ਨੇ ਬੱਚੀ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਗਤਾਂ ਨੇ ਉਸ ਨੂੰ ਫੜ ਲਿਆ। ਸੀਸੀਟੀਵੀ ਵੇਖਣ ਤੋਂ ਬਾਅਦ ਸਾਬਤ ਹੋਇਆ ਸੀ ਸ਼ਖ਼ਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਪਹੁੰਚਿਆ ਸੀ ।