Punjab

ਸੱਤ ਮੱਝਾਂ ਨੇ ਤਾਰੀ ਦੁਸ਼ਮਣੀ ਦੀ ਕੀਮਤ

‘ਦ ਖ਼ਾਲਸ ਬਿਊਰੋ :- ਜਲੰਧਰ ਦੇ ਸ਼ਕਰਪੁਰ ਪਿੰਡ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮਨੁੱਖੀ ਦੁਸ਼ਮਣੀ ਦਾ ਖਮਿਆਜ਼ਾ ਪਸ਼ੂਆਂ ਨੂੰ ਭੁਗਤਣਾ ਪਿਆ। ਸ਼ਕਰਪੁਰ ਪਿੰਡ ਵਿੱਚ ਕਿਸੇ ਵਿਅਕਤੀ ਨੇ ਇੱਕ ਗੁੱਜਰ ਨਾਲ ਦੁਸ਼ਮਣੀ ਦੇ ਚੱਲਦਿਆਂ ਉਸ ਦੀਆਂ ਮੱਝਾਂ ਨੂੰ ਚਾਰੇ ਲਈ ਦਿੱਤੀ ਪਰਾਲੀ ਵਿੱਚ ਜ਼ਹਿਰ ਮਿਲਾ ਦਿੱਤਾ। ਜ਼ਹਿਰੀਲ ਪਰਾਲੀ ਨੂੰ ਖਾਣ ਸਾਰ ਹੀ ਮੱਝਾਂ ਦੀ ਹਾਲਤ ਵਿਗੜ ਗਈ ਅਤੇ ਤਕਰੀਬਨ ਡੇਢ ਘੰਟਿਆਂ ਵਿੱਚ ਸੱਤ ਮੱਝਾਂ ਦੀ ਮੌਤ ਹੋ ਗਈ। ਕੁੱਝ ਮੱਝਾਂ ਬਿਮਾਰ ਪਈਆਂ ਹਨ, ਜਿਨ੍ਹਾਂ ਦਾ ਇਲਾਜ ਵੈਟਰਨਰੀ ਡਾਕਟਰ ਕਰ ਰਹੇ ਹਨ। ਮੱਝਾਂ ਦੇ ਪੋਸਟ ਮਾਰਟਮ ਕਰਨ ਤੋਂ ਬਾਅਦ ਨਮੂਨੇ ਫੋਰੈਂਸਿਕ ਲੈਬ ਨੂੰ ਦਿੱਤੇ ਗਏ ਹਨ। ਗੁੱਜਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪਿੰਡ ਸ਼ਕਰਪੁਰ ਵਿੱਚ ਰਹਿੰਦੇ ਮੱਝਾਂ ਦੇ ਮਾਲਕ ਬਾਰਾ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਦਾ ਦੁੱਧ ਦਾ ਕਾਰੋਬਾਰ ਹੈ ਅਤੇ ਕਰੀਬ ਤਿੰਨ ਦਰਜਨ ਮੱਝਾਂ ਉਸ ਨੇ ਰੱਖੀਆਂ ਹਨ। ਹੁਸੈਨ ਨੇ ਦੱਸਿਆ ਕਿ ਉਹ ਹੈਰਾਨ ਰਹਿ ਗਿਆ ਜਦੋਂ ਪਿਛਲੇ ਦਿਨੀਂ ਉਸ ਦੀ ਇੱਕ ਮੱਝ ਦੇ ਜ਼ਮੀਨ ਉੱਤੇ ਡਿੱਗਣ ਤੋਂ ਬਾਅਦ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਦੀਆਂ ਸੱਤ ਮੱਝਾਂ ਉਸਦੇ ਸਾਹਮਣੇ ਮਰ ਗਈਆਂ।

ਉਸਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਕਿਸੇ ਨੇ ਉਸਦੀ ਪਰਾਲੀ ਨੂੰ ਅੱਗ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਤੋਂ ਪਰਾਲੀ ਲੈ ਆਇਆ ਸੀ। ਹੁਣ ਕਿਸੇ ਨੇ ਉਸਦੀਆਂ ਮੱਝਾਂ ਦੀ ਤੂੜੀ ਵਿੱਚ ਜ਼ਹਿਰ ਮਿਲਾਇਆ ਹੈ। ਪੁਲਿਸ ਇਸ ਮਾਮਲੇ ਵਿੱਚ ਪਸ਼ੂ ਕਰੂਰਤਾ ਐਕਟ ਤਹਿਤ ਕਾਰਵਾਈ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਕੁੱਝ ਆਪਸੀ ਦੁਸ਼ਮਣੀ ਦਾ ਲੱਗ ਰਿਹਾ ਹੈ। ਪੁਲਿਸ ਮੁਲਜ਼ਮ ਨੂੰ ਲੱਭਣ ਵਿੱਚ ਲੱਗੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਰਨਰੀ ਅਫਸਰ ਡਾ: ਗੁਰਦੀਪ ਸਿੰਘ ਨੇ ਦੱਸਿਆ ਕਿ ਮੱਝਾਂ ਦਾ ਪੋਸਟ ਮਾਰਟਮ ਹੋ ਚੁੱਕਾ ਹੈ। 18 ਨਮੂਨੇ ਜਾਂਚ ਲਈ ਖਰੜ ਵਿਖੇ ਫੋਰੈਂਸਿਕ ਲੈਬ ਵਿੱਚ ਭੇਜੇ ਗਏ ਹਨ।