Punjab

ਜਲੰਧਰ ਲੋਕਸਭਾ ਦੀ ਜ਼ਿਮਨੀ ਚੋਣ ਦੇ ਲਈ ਕਾਂਗਰਸ ਦਾ ਉਮੀਦਵਾਰ ਤੈਅ ! ਕੀ ਮਹਾਰਾਸ਼ਟਰਾ ਵਾਂਗ ਬਿਨਾਂ ਵੋਟਿੰਗ ਚੁਣਿਆ ਜਾਵੇਗਾ ਨਵਾਂ MP ?

Jalandhar by election

ਬਿਊਰੋ ਰਿਪੋਰਟ : ਜਲੰਧਰ ਲੋਕਸਭਾ ਸੀਟ ਤੋਂ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ । ਹੁਣ ਉਨ੍ਹਾਂ ਦੀ ਸੀਟ ‘ਤੇ ਜ਼ਿਮਨੀ ਚੋਣ ਹੋਵੇਗੀ,ਜਿਸ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ । ਕਾਂਗਰਸ ਨੇ ਤਕਰੀਬਨ- ਤਕਰੀਬਨ ਉਮੀਦਵਾਰ ਤੈਅ ਕਰ ਲਿਆ ਹੈ । ਚੌਧਰੀ ਸੰਤੋਖ ਸਿੰਘ ਦੇ ਭੋਗ ‘ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਲਾ ਕਮਾਨ ਦੀ ਮਰਜ਼ੀ ਬਾਰੇ ਵੀ ਦੱਸ ਦਿੱਤਾ ਸੀ । ਦੱਸਿਆ ਜਾ ਰਿਹਾ ਹੈ ਕੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਪਾਰਟੀ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਏਗੀ । ਕਰਮਜੀਤ ਕੌਰ ਸਿਆਸਤ ਵਿੱਚ ਵੀ ਕਾਫੀ ਸਰਗਰਮ ਰਹੀ ਹਨ। 2017 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਵਿਧਾਨਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਸੀ ਪਰ ਉਨ੍ਹਾਂ ਨੇ ਟਿਕਟ ਵਾਪਸ ਕਰਕੇ ਆਪਣੇ ਪੁੱਤਰ ਵਿਕਰਮਜੀਤ ਸਿੰਘ ਦਾ ਨਾਂ ਅੱਗੇ ਕਰ ਦਿੱਤਾ ਸੀ । ਪਰ ਇਸ ਵਾਰ ਹਾਲਾਤ ਵਖਰੇ ਹਨ ਉਨ੍ਹਾਂ ਦਾ ਪੁੱਤਰ ਵਿਕਰਮ ਪਹਿਲਾ ਤੋਂ ਵਿਧਾਇਕ ਹੈ ਅਜਿਹੇ ਵਿੱਚ ਪਾਰਟੀ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ । ਵੈਸੇ ਵੀ ਲੋਕਸਭਾ ਚੋਣਾਂ ਨੂੰ 1 ਸਾਲ ਦਾ ਸਮਾਂ ਬਚਿਆ ਹੈ,ਪਾਰਟੀ ਬੇਵਜ੍ਹਾ ਕੋਈ ਹੋਰ ਉਮੀਦਵਾਰ ਖੜਾ ਕਰਕੇ ਪਾਰਟੀ ਵਿੱਚ ਬਗਾਵਤ ਪੈਦਾ ਨਹੀਂ ਕਰਨਾ ਚਾਏਗੀ । ਪਰ ਦਿਲਚਸਪ ਗੱਲ ਇਹ ਹੈ ਕੀ ਮਹਾਰਸ਼ਟਰ ਵਾਂਗ ਕੀ ਪੰਜਾਬ ਵਿੱਚ ਵੀ ਬਿਨਾਂ ਵੋਟਿੰਗ ਤੋਂ ਜਲੰਧਰ ਲੋਕਸਭਾ ਦਾ ਉਮੀਦਵਾਰ ਚੁਣਿਆ ਜਾਵੇਗਾ ।

ਕੀ ਮਹਾਰਾਸ਼ਟਰਾ ਦਾ ਫਾਰਮੂਲਾ ਪੰਜਾਬ ‘ਚ ਲਾਗੂ ਹੋਵੇਗਾ

ਦਰਅਸਲ ਪਿਛਲੇ ਸਾਲ ਮੁੰਬਈ ਦੀ ਅੰਦੇਰੀ ਈਸਟ ਸੀਟ ਤੋਂ ਸ਼ਿਵਸੈਨਾ ਦੇ ਵਿਧਾਇਕ ਰਮੇਸ਼ ਲਟਕੇ ਦਾ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉੱਥੇ ਜ਼ਿਮਨੀ ਚੋਣ ਹੋਈ ਸੀ । ਸ਼ਿਵਸੈਨਾ ਨੇ ਉਨ੍ਹਾਂ ਦੀ ਪਤਨੀ ਰੂਟੂਜਾ ਲਟਕੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਉਸ ਵੇਲੇ ਬੀਜੇਪੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ । ਪਰ NCP ਦੇ ਪ੍ਰਧਾਨ ਸ਼ਰਦ ਪਵਾਰ ਨੇ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਰੂਟੂਜਾ ਲਟਕੇ ਦੇ ਸਾਹਮਣੇ ਕੋਈ ਉਮੀਦਵਾਰ ਖੜਾ ਨਾ ਕਰੇ । ਵੈਸੇ ਵੀ ਵਿਧਾਨਸਭਾ ਚੋਣਾਂ ਨੂੰ ਸਿਰਫ਼ ਡੇਢ ਸਾਲ ਦਾ ਸਮਾਂ ਬੱਚਿਆ ਹੈ । ਸ਼ਰਧਾਂਜਲੀ ਵਜੋ ਪਤਨੀ ਨੂੰ ਨਿਰਵਿਰੋਧ ਜਿੱਤ ਦਿਵਾਈ ਜਾਵੇ। ਸ਼ੁਰੂ ਵਿੱਚ ਤਾਂ ਬੀਜੇਪੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਪਰ ਜਦੋਂ ਸ਼ਿਵਸੈਨਾ ਅਤੇ ਕਾਂਗਰਸ ਨੇ ਵੀ ਬੀਜੇਪੀ ਨੂੰ ਉਮੀਦਵਾਰ ਦਾ ਨਾਂ ਵਾਪਸ ਲੈਣ ਦੀ ਅਪੀਲ ਕੀਤੀ ਸੀ ਤਾਂ ਉਨ੍ਹਾਂ ਨੇ ਆਪਣੇ ਉਮੀਦਵਾਰ ਨੂੰ ਮੈਦਾਨ ਤੋਂ ਹਟਾ ਦਿੱਤਾ ਸੀ । ਸਿਆਸੀ ਜੰਗ ਵਿੱਚ ਦਰਿਆ ਦਿਲੀ ਦੀ ਮਿਸਾਲ ਘੱਟ ਹੀ ਵੇਖਣ ਨੂੰ ਮਿਲ ਦੀ ਹੈ । ਅਜਿਹੇ ਵਿੱਚ ਚਰਚਾਵਾਂ ਹਨਕੀ ਪੰਜਾਬ ਦੇ ਸਿਆਸਤਦਾਨ ਵੀ ਅਜਿਹੇ ਫਾਰਮੂਲੇ ‘ਤੇ ਕੰਮ ਕਰਨਗੇ। ਜੇਕਰ ਪਾਰਟੀ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਅਧਿਕਾਰਿਕ ਉਮੀਦਵਾਰ ਬਣਾਉਂਦੀ ਹੈ ਤਾਂ ਕੀ ਦੂਜੀਆਂ ਪਾਰਟੀਆਂ ਆਪਣਾ ਉਮੀਦਵਾਰ ਖੜਾ ਨਹੀਂ ਕਰਨਗੀਆਂ ? ਕੀ ਨਿਰਵਿਰੋਧ ਚੌਧਰੀ ਸੰਤੋਖ ਸਿੰਘ ਦੀ ਪਤਨੀ ਜਲੰਧਰ ਤੋਂ ਜ਼ਿਮਨੀ ਚੋਣ ਜਿੱਤ ਜਾਣਗੀਆਂ। ਅਗਲੇ ਸਾਲ ਅਪ੍ਰੈਲ- ਮਈ ਵਿੱਚ ਲੋਕਸਭਾ ਚੋਣਾਂ ਹੋਣੀਆਂ ਹਨ । ਸੰਗਰੂਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਜੇਕਰ ਜਲੰਧਰ ਵੀ ਆਪ ਹਾਰ ਗਈ ਤਾਂ ਲੋਕਸਭਾ ਚੋਣਾਂ ਵਿੱਚ ਜਾਣ ਤੋਂ ਪਹਿਲਾਂ ਪਾਰਟੀ ਲਈ ਇਹ ਵੱਡੀ ਨਮੋਸ਼ੀ ਹੋ ਸਕਦੀ ਹੈ ਇਸ ਲਈ ਆਪ ਨੂੰ ਮਹਾਰਾਸ਼ਟਰਾ ਦਾ ਫਾਰਮੂਲਾ ਕਾਫੀ ਸੂਟ ਕਰਦਾ ਹੈ । ਇਸੇ ਤਰ੍ਹਾਂ ਵਿਧਾਨਸਭਾ ਅਤੇ ਸੰਗਰੂਰ ਜ਼ਿਮਨੀ ਚੋਣ ਵਿੱਚ ਹਾਰ ਤੋਂ ਬਾਅਦ ਅਕਾਲੀ ਦਲ ਲਈ ਵੀ ਇਹ ਸਿਆਸੀ ਰਾਹ ਸੇਫ ਰਹੇਗਾ ਕੀ ਉਹ ਆਪਣਾ ਉਮੀਦਵਾਰ ਨਾ ਉਤਾਰੇ । ਬੀਜੇਪੀ ਵੀ ਮਹਾਰਾਸ਼ਟਰਾ ਵਰਗੇ ਫੈਸਲੇ ਨੂੰ ਪੰਜਾਬ ਵਿੱਚ ਦੌਰਾਹ ਕੇ ਵਾਹ-ਵਾਹੀ ਖੱਟ ਸਕਦੀ ਹੈ । ਕੁੱਲ ਮਿਲਾਕੇ ਸਾਰੀਆਂ ਧਿਰਾ ਦੇ ਲਈ ਭਾਵੇਂ ਸਿਆਸੀ ਵਜ੍ਹਾ ਨਾਲ ਦਰਿਆ ਦਿਲੀ ਵਿਖਾਉਣ ਦਾ ਚੰਗਾ ਮੌਕਾ ਹੈ ।