India

ਆਮ ਲੋਕਾਂ ‘ਤੇ ਪਈ ਮਹਿੰਗਾਈ ਦੀ ਮਾ ਰ, ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਹੋਇਆ ਵਾਧਾ

ਦ ਖ਼ਾਲਸ ਬਿਊਰੋ : ਦੇਸ਼ ਦੇ ਲੋਕ ਪਹਿਲਾਂ ਹੀ ਵਧਦੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਤੇ ਦੂਰ-ਦੂਰ ਤੱਕ ਇਸ ਮਹਿੰਗਾਈ ਦੀ ਮਾਰ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਗੈਸ ਕੰਪਨੀਆਂ ਨੇ ਦੇਸ਼ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਅੱਜ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ।

ਪੈਟਰੋਲੀਅਮ ਕੰਪਨੀਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਘਰੇਲੂ ਗੈਸ ਸਿਲੰਡਰ (LPG) ਦੀ ਕੀਮਤ ਹੁਣ 50 ਰੁਪਏ ਵੱਧ ਕੇ 1,053 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 1,003 ਰੁਪਏ ਸੀ।ਦਿੱਲੀ ਵਿੱਚ ਪਿਛਲੇ ਇੱਕ ਸਾਲ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਰੀਬ 215 ਰੁਪਏ ਦਾ ਵਾਧਾ ਹੋਇਆ ਹੈ। ਇਸ ਦੀ ਕੀਮਤ 834.50 ਰੁਪਏ ਵਧ ਕੇ 1,003 ਰੁਪਏ ਹੋ ਗਈ ਸੀ, ਜੋ ਹੁਣ 50 ਰੁਪਏ ਹੋਰ ਵੱਧ ਗਈ ਹੈ।

ਇਸ ਤੋਂ ਪਹਿਲਾਂ 19 ਮਈ ਨੂੰ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 7 ਮਈ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਹੋਇਆ ਸੀ ਅਤੇ ਇਸ ਦੀ ਕੀਮਤ 999.50 ਰੁਪਏ ‘ਤੇ ਪਹੁੰਚ ਗਈ ਸੀ।

22 ਮਾਰਚ ਨੂੰ ਵੀ ਇਸ ਦੀਆਂ ਕੀਮਤਾਂ ‘ਚ 50 ਰੁਪਏ ਦਾ ਵਾਧਾ ਹੋਇਆ ਸੀ। ਹਾਲਾਂਕਿ, ਅਕਤੂਬਰ 2021 ਤੋਂ ਫਰਵਰੀ 2022 ਤੱਕ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ 899.50 ਰੁਪਏ ‘ਤੇ ਸਥਿਰ ਰਿਹਾ।

5 ਕਿਲੋ ਦਾ ਸਿਲੰਡਰ ਵੀ ਮਹਿੰਗਾ

ਪੈਟਰੋਲੀਅਮ ਕੰਪਨੀਆਂ ਨੇ ਅੱਜ ਸਵੇਰੇ 5 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਦਿੱਤਾ ਹੈ। ਇਸ ਦੀ ਕੀਮਤ 18 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ। ਇਸ ਤੋਂ ਇਲਾਵਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 8.50 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਵੀ 1 ਜੁਲਾਈ ਨੂੰ ਤੇਲ ਕੰਪਨੀਆਂ ਵੱਲੋਂ ਕਮਰਸ਼ੀਅਲ ਸਿਲੰਡਰਾਂ ਦੀ ਕੀਮਤ ਵਿੱਚ 198 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਸੀ, ਜਿਸ ਮਗਰੋਂ ਉਮੀਦ ਕੀਤੀ ਜਾ ਰਹੀ ਸੀ ਕਿ ਆਉਣ ਵਾਲੇ ਸਮੇਂ ‘ਚ ਘਰੇਲੂ ਗੈਸ ਸਿਲੰਡਰ ਵੀ ਸਸਤਾ ਹੋਵੇਗਾ, ਪਰ ਹੁਣ ਕੰਪਨੀਆਂ ਨੇ ਕੀਮਤਾਂ ਵਧਾ ਕੇ ਆਮ ਆਦਮੀ ਨੂੰ ਝਟਕਾ ਦਿੱਤਾ ਹੈ।