Punjab

ਵੀਕੇ ਜੰਜੂਆ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ  ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਬਦਲਣ ਤੋਂ ਬਾਅਦ ਮੁੱਖ ਸਕੱਤਰ ਦਾ ਤਬਾਦਲਾ ਵੀ ਕਰ ਦਿੱਤਾ ਹੈ। ਅਨਿਰੁਧ ਤਿਵਾੜੀ ਦੀ ਥਾਂ ਵਿਜੇ ਕੁਮਾਰ ਜੰਜੂਆ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਵਿਜੇ ਕੁਮਾਰ ਜੰਜੂਆ 1989 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹਾਂ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਚੋਣਾਂ ਦਾ ਅਹੁਦਾ ਸੰਭਾਲ ਰਹੇ ਹਨ। ਉਨ੍ਹਾਂ ਦਾ ਸਬੰਧ ਪਠਾਨਕੋਟ ਨਾਲ ਹੈ।

ਉਹ ਛੇਤੀ ਹੀ ਆਪਣਾ ਚਾਰਜ ਸਾਂਭਣਗੇ। ਦੱਸ ਦਈਏ ਕਿ ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾਰੀ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ  ਹੁਣ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੰਜੂਆ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹਾਂ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਚੋਣਾਂ ਵਜੋਂ ਤਾਇਨਾਤ ਸਨ।

ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇਲੈਕਟ੍ਰੋਨਿਕਸ ਵਿੱਚ ਬੀ.ਟੈਕ ਕਰਨ ਉਪਰੰਤ, ਜੰਜੂਆ ਨੇ ਇੱਕ ਸਾਲ ਐਸ.ਸੀ.ਐਲ (ਸੈਮੀ-ਕੰਡਕਟਰ ਕੰਪਲੈਕਸ), ਮੁਹਾਲੀ ਵਿੱਚ ਕੰਮ ਕੀਤਾ, ਫਿਰ ਪੁਲਾੜ ਏਜੰਸੀਆਂ ਲਈ ਕੰਪਿਊਟਰ ਚਿਪਸ ਡਿਜ਼ਾਈਨ ਕਰਨ ਵਾਲੀ ਭਾਰਤ ਸਰਕਾਰ ਦੀ ਇੱਕ ਐਂਟਰਪ੍ਰਾਈਜ਼ ਵਿਚ ਵੀ ਸੇਵਾਵਾਂ ਨਿਭਾਈਆਂ । 1988 ਵਿੱਚ ਆਈ.ਆਰ.ਐਸ (ਇਨਕਮ ਟੈਕਸ) ਲਈ ਚੁਣੇ ਗਏ ਅਤੇ ਫਿਰ 1989 ਵਿੱਚ ਆਲ ਇੰਡੀਆ 12ਵੇਂ ਰੈਂਕ ਨਾਲ ਆਈ.ਏ.ਐਸ. ਵਿੱਚ ਚੁਣੇ ਜਾਣ ਪਿੱਛੋਂ ਪੰਜਾਬ ਕੇਡਰ ਅਲਾਟ ਕੀਤਾ ਹੋਇਆ।

ਵਿਜੇ ਕੁਮਾਰ ਜੰਜੂਆ

ਜੰਜੂਆ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕੀਤਾ ਜਿਸ ਵਿੱਚ ਪੇਂਡੂ ਵਿਕਾਸ, ਉਦਯੋਗ, ਕਿਰਤ, ਪਸ਼ੂ ਪਾਲਣ ਆਦਿ ਸ਼ਾਮਲ ਹਨ।  ਭਾਰਤ ਸਰਕਾਰ ਵਿਚ ਹੁੰਦਿਆਂ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਵਿੱਚ  ਡਾਇਰੈਕਟਰ (ਉਦਯੋਗ) ਵਜੋਂ ਤਿੰਨ ਸਾਲ ਲਈ ਸੇਵਾ ਨਿਭਾਈ। । ਉਨ੍ਹਾਂ ਦੀ ਅਗਵਾਈ ਹੇਠ ਮਾਲ ਵਿਭਾਗ ਵਿੱਚ ਲਗਭਗ 15 ਦਿਨਾਂ  ਵਿੱਚ ਲਗਭਗ 2.2 ਕਰੋੜ ਖਸਰਾ ਗਿਰਦਾਵਰੀ ਐਂਟਰੀਆਂ ਡਿਜੀਟਲ ਵਿਧੀ ਰਾਹੀਂ ਕੀਤੀਆਂ ਗਈਆਂ।