India

ਲਖੀਮਪੁਰ ਖੀਰੀ ਮਾਮਲੇ ‘ਚ Supreme Court ਨੇ ਦਿੱਤੀ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ,ਲਾਈਆਂ ਆਹ ਸ਼ਰਤਾਂ

ਦਿੱਲੀ : ਲਖੀਮਪੁਰ ਖੀਰੀ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਆਖਰਕਾਰ ਰਾਹਤ ਮਿਲ ਗਈ ਹੈ । ਸੁਪਰੀਮ ਕੋਰਟ ਨੇ ਉਸ ਨੂੰ ਕੁੱਝ ਸ਼ਰਤਾਂ ਸਹਿਤ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਮਾਮਲੇ ਦੇ ਮੁੱਖ ਦੋਸ਼ੀ ਮੰਨੇ ਗਏ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਇਆ ਹੈ ਤੇ ਲਖੀਮਪੁਰ ਖੀਰੀ  ਕੇਸ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਆਸ਼ੀਸ਼ ਮਿਸ਼ਰਾ ਨੂੰ 8 ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਪਰ ਇਸ ਲਈ ਕੁੱਝ ਸ਼ਰਤਾਂ ਵੀ ਰੱਖੀਆਂ ਹਨ। ਇਸ ਦੌਰਾਨ ਉਸ ਨੂੰ ਦਿੱਲੀ ਜਾ ਉੱਤਰ ਪ੍ਰਦੇਸ਼ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਅਦਾਲਤ ਨੇ ਉਸ ਨੂੰ ਆਪਣਾ ਪਾਸਪੋਰਟ ਵੀ ਸਮਰਪਿਤ ਕਰਨ ਨੂੰ ਕਿਹਾ ਹੈ ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 19 ਜਨਵਰੀ ਨੂੰ ਆਸ਼ੀਸ਼ ਮਿਸ਼ਰਾ ਦੀ ਅੰਤਰਿਮ ਜ਼ਮਾਨਤ ਅਰਜ਼ੀ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।ਸੁਪਰੀਮ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਤਾੜਨਾ ਦਿੱਤੀ ਹੈ  ਕਿ ਅਸ਼ੀਸ਼ ਮਿਸ਼ਰਾ ਜਾਂ ਉਸ ਦੇ ਪਰਿਵਾਰਕ ਮੈਂਬਰ ਵੱਲੋਂ ਜੇਕਰ ਗਵਾਹਾਂ ਨੂੰ ਧਮਕਾਇਆ ਗਿਆ ਤਾਂ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਇਹ ਪਾਇਆ ਜਾਂਦਾ ਹੈ ਕਿ ਮਿਸ਼ਰਾ ਮੁਕੱਦਮੇ ਦੀ ਸੁਣਵਾਈ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਇਹ ਵੀ ਉਸਦੀ ਜ਼ਮਾਨਤ ਰੱਦ ਕਰਨ ਲਈ ਇੱਕ ਜਾਇਜ਼ ਆਧਾਰ ਹੋਵੇਗਾ। ਆਸ਼ੀਸ਼ ਮਿਸ਼ਰਾ ਅਦਾਲਤ ਨੂੰ ਆਪਣੀ Location ਬਾਰੇ ਵੀ ਲਗਾਤਾਰ update ਕਰਦੇ ਰਹਿਣਾ ਹੋਵੇਗਾ।

ਆਸ਼ੀਸ਼ ਮਿਸ਼ਰਾ ਟ੍ਰਾਇਲ ‘ਚ ਹਿੱਸਾ ਲੈਣ ਤੋਂ ਇਲਾਵਾ ਯੂਪੀ ਨਹੀਂ ਜਾ ਸਕੇਗਾ ਤੇ ਨਾਲ ਹੀ, ਉਨ੍ਹਾਂ ਨੂੰ ਆਪਣੇ ਅਧਿਕਾਰ ਖੇਤਰ ਅਧੀਨ ਪੁਲਿਸ ਸਟੇਸ਼ਨ ਵਿਚ ਹਾਜ਼ਰੀ ਵੀ ਭਰਨੀ ਹੋਵੇਗੀ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ ਸੁਣਵਾਈ ਜਲਦੀ ਪੂਰੀ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ ਹੋਵੇਗੀ। ਸੁਪਰੀਮ ਕੋਰਟ 8 ਹਫਤਿਆਂ ਬਾਅਦ ਫੈਸਲਾ ਕਰੇਗੀ ਕਿ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਵਧਾਈ ਜਾਵੇ ਜਾਂ ਨਹੀਂ।

ਸੁਪਰੀਮ ਕੋਰਟ ਨੇ ਇਸ ਨਾਲ ਸਬੰਧਤ ਇੱਕ ਹੋਰ ਮਾਮਲੇ ਵਿੱਚ ਬੰਦ ਚਾਰ ਕਿਸਾਨਾਂ ਨੂੰ ਵੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ‘ਚ ਘਟਨਾ ਤੋਂ ਬਾਅਦ mob lynching ਦਾ ਦੋਸ਼ ਹੈ। ਅਦਾਲਤ ਨੇ ਇਸ ਮਾਮਲੇ ‘ਚ ਵੀ 8 ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਪਿਛਲੇ ਸਾਲ 26 ਜੁਲਾਈ ਨੂੰ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।ਜਿਸ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ 19 ਜਨਵਰੀ ਨੂੰ ਸੁਣਵਾਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।