Punjab

ਪਰਾਲੀ ਸਾੜਨ ਦੇ ਮਾਮਲੇ ‘ਚ CM ਭਗਵੰਤ ਮਾਨ ਦਾ ਜਿਲ੍ਹਾ ਆਇਆ ਪਹਿਲੇ ਨੰਬਰ ‘ਤੇ , ਪੜ੍ਹੋ ਰਿਪੋਰਟ

stubble burning cases

ਮੁਹਾਲੀ : ਪੰਜਾਬ ਸਰਕਾਰ ਦੇ ਲਗਾਤਾਰ ਦਾਅਵਿਆਂ ਦੇ ਬਾਵਜੂਦ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਨਹੀਂ ਹੋ ਰਹੇ। ਐਤਵਾਰ ਨੂੰ ਸੂਬੇ ਭਰ ਵਿੱਚ ਪਰਾਲੀ ਸਾੜਨ ਦੇ 1761 ਮਾਮਲੇ ਸਾਹਮਣੇ ਆਏ, ਜਿਸ ਨੇ 2021 ਦਾ ਰਿਕਾਰਡ ਤੋੜ ਦਿੱਤਾ। ਪਿਛਲੇ ਸਾਲ 30 ਅਕਤੂਬਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 1373 ਮਾਮਲੇ ਸਾਹਮਣੇ ਆਏ ਸਨ।

ਖੇਤਾਂ ਵਿੱਚ ਲਗਾਤਾਰ ਪਰਾਲੀ ਸਾੜਨ (stubble burning cases ) ਤੇ ਦੀਵਾਲੀ ਦੀ ਰਾਤ ਚਲਾਏ ਪਟਾਕਿਆਂ ਦੇ ਜ਼ਹਿਰੀਲੇ ਤੱਤਾਂ ਨੇ ਆਬੋ ਹਵਾ ਖਰਾਬ ਕਰ ਦਿੱਤੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਸੈਟੇਲਾਈਟ ਰਾਹੀਂ ਦੇਖਿਆ ਗਿਆ ਕਿ ਬੁੱਧਵਾਰ ਨੂੰ ਵੀ 3634 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਈ ਗਈ। ਪਰਾਲੀ ਸਾੜਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (cm bhagwant mann )ਦਾ ਜ਼ਿਲ੍ਹਾ ਸੰਗਰੂਰ ਸੂਬੇ ਵਿੱਚ ਪਹਿਲੇ ਨੰਬਰ ’ਤੇ ਆਇਆ ਹੈ, ਜਿੱਥੇ 677 ਥਾਵਾਂ ’ਤੇ, ਪਾਰਲੀ ਨੂੰ ਅੱਗ ਲਗਾਈ ਗਈ। ਪਟਿਆਲਾ ਦੂਜੇ ਨੰਬਰ ’ਤੇ ਜਿੱਥੇ 395 ਥਾਵਾਂ ’ਤੇ ਅਤੇ ਫਿਰੋਜ਼ਪੁਰ ਤੀਜੇ ਥਾਂ ’ਤੇ ਜਿੱਥੇ 342 ਥਾਵਾਂ ’ਤੇ ਅੱਗ  ਲੱਗੀ।

ਬਠਿੰਡਾ ਚੌਥੇ ਨੰਬਰ ’ਤੇ ਰਿਹਾ ਜਿੱਥੇ 317 ਥਾਵਾਂ ’ਤੇ ਪਰਾਲੀ ਨੂੰ ਅੱਗ ਲੱਗਾਉਣ ਦੇ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਵਿੱਚ 198 ਥਾਵਾਂ ’ਤੇ ਪਰਾਲੀ ਸਾੜੀ ਗਈ।  ਦੂਜੇ ਪਾਸੇ ਪਰਾਲੀ ਸਾੜਨ ਦੇ ਮੁੱਦੇ ’ਤੇ ਪ੍ਰਸ਼ਾਸਨ ਬਿਲਕੁਲ ਫੇਲ੍ਹ ਸਾਬਤ ਹੋ ਰਿਹਾ ਹੈ। ਲੁਧਿਆਣਾ ਵਿੱਚ ਮੰਗਲਵਾਰ ਰਾਤ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 304 ਪੁੱਜ ਗਿਆ ਸੀ।

ਬੁੱਧਵਾਰ ਸ਼ਾਮ ਇਹ 258 ਰਿਹਾ, ਜੋ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ’ਤੇ ਹੈ। ਇੱਥੇ ਅਸਮਾਨ ਵਿੱਚ ਦਿਨ ਵੇਲੇ ਤੋਂ ਹੀ ਧੂੰਏਂ ਦੀ ਚਾਦਰ ਆ ਜਾਂਦੀ ਹੈ। ਸ਼ਾਮ ਵੇਲੇ ਤੱਕ ਇਹ ਧੂੰਆਂ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਪਿੱਛੇ ਦਾ ਕਾਰਨ ਦੀਵਾਲੀ ’ਤੇ ਚੱਲੇ ਪਟਾਕੇ ਤੇ ਪਰਾਲੀ ਸਾੜਨ ਨੂੰ ਮੰਨਿਆ ਜਾਂਦਾ ਹੈ।

ਇਸ ਦੇ ਨਾਲ ਹੀ ਪੰਜਾਬ ਵਿੱਚ 15 ਸਤੰਬਰ ਤੋਂ ਐਤਵਾਰ (30 ਅਕਤੂਬਰ) ਤੱਕ ਪਰਾਲੀ ਸਾੜਨ ਦੇ ਸਾਹਮਣੇ ਆਏ ਕੁੱਲ ਕੇਸਾਂ ਦੀ ਗਿਣਤੀ ਨੇ ਵੀ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ 13873 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 10229 ਮਾਮਲੇ ਸਾਹਮਣੇ ਆਏ ਸਨ।

ਪਰਾਲੀ ਕਾਰਨ ਪੈਦਾ ਹੋਏ ਧੂੰਏਂ ਕਾਰਨ ਹਸਪਤਾਲਾਂ ਵਿੱਚ ਲਗਾਤਾਰ ਅੱਖਾਂ ਵਿੱਚ ਜਲਣ ਤੇ ਸਾਹ ਲੈਣ ਵਿੱਚ ਦਿੱਕਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਮੈਡੀਸਨ ਦੇ ਡਾਕਟਰ ਗੌਰਵ ਸਚਦੇਵਾ ਮੁਤਾਬਕ ਜਦੋਂ ਤੋਂ ਦੀਵਾਲੀ ਲੰਘੀ, ਉਦੋਂ ਤੋਂ ਸਾਹ ਲੈਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਬਜ਼ੁਰਗ ਤੇ ਨੌਜਵਾਨ ਦੋਵੇਂ ਹੀ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੂੰ ਧੂੰਏਂ ਤੋਂ ਐਲਰਜ਼ੀ ਹੈ, ਉਨ੍ਹਾਂ ਨੂੰ ਵੱਧ ਪ੍ਰੇਸ਼ਾਨੀ ਹੋ ਰਹੀ ਹੈ।