ਅੰਮ੍ਰਿਤਸਰ : ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਵਿਰਾਸਤੀ ਮਾਰਗ ‘ਤੇ ਹੋਏ ਦੋ ਧਮਾਕਿਆਂ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਸੰਗਤਾਂ ਵਿੱਚ ਕੋਈ ਵੀ ਭੈਅ ਜਾਂ ਡਰ ਨਹੀਂ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਦੀ ਸੰਜੀਦਗੀ ਨਾਲ ਮੁਕੰਮਲ ਜਾਂਚ ਕਰਕੇ ਸੱਚ ਸਾਹਮਣੇ ਲਿਆਵੇ। ਉਨ੍ਹਾਂ ਨੇ ਕਿਹਾ ਕਿ ਜੋ ਸ਼ਰਾਰਤੀ ਅਨਸਰ ਅਜਿਹੀਆਂ ਘਨੋਣੀਆਂ ਸਾਜਿਸ਼ਾਂ ਕਰਦੇ ਹਨ, ਪ੍ਰਸਾਸ਼ਨ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜੇਲ੍ਹਾਂ ਭੇਜੇ ਤਾਂ ਜੋ ਕੋਈ ਪੰਜਾਬ ਦਾ ਮਾਹੌਲ ਖਰਾਬ ਨਾ ਕਰ ਸਕੇ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਹੈ। ਧਾਮੀ ਨੇ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿੱਥੇ ਇਕ ਪਾਸੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨਤਮਸਤਕ ਹੋਣ ਆਉਂਦੀ ਹੈ, ਉੱਥੇ ਹੀ ਦੇਸ਼ ਦੁਨੀਆ ਤੋਂ ਵੱਖ-ਵੱਖ ਧਰਮਾਂ, ਫਿਰਕਿਆਂ ਅਤੇ ਵਰਗਾਂ ਦੇ ਲੋਕ ਵੀ ਇੱਥੇ ਪੁੱਜਦੇ ਹਨ।
ਉਨ੍ਹਾਂ ਕਿਹਾ ਕਿ ਦੋ ਦਿਨਾਂ ਅੰਦਰ ਵਾਪਰੀਆਂ ਧਮਾਕੇ ਦੀ ਘਟਨਾਵਾਂ ਨਾਲ ਦੇਸ਼ ਦੁਨੀਆ ਤੋਂ ਅੰਮ੍ਰਿਤਸਰ ਪੁੱਜਦੇ ਲੋਕਾਂ ਅਤੇ ਸੰਗਤ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਅਤੇ ਸਵਾਲਾਂ ਦੇ ਨਾਲ-ਨਾਲ ਡਰ ਭੈਅ ਵੀ ਪੈਦਾ ਹੋਇਆ ਹੈ, ਜਿਸ ਬਾਰੇ ਪੰਜਾਬ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਦਾ ਪਰਦਾਫਾਸ਼ ਕਰਕੇ ਸੰਗਤ ਅਤੇ ਅੰਮ੍ਰਿਤਸਰ ਪੁੱਜਦੇ ਲੋਕਾਂ ਨੂੰ ਭੈਅ ਮੁਕਤ ਕਕਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਲੋੜ ਪੈਣ ਉੱਤੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪੁਲਿਸ ਪ੍ਰਸ਼ਾਸ਼ਨ ਇਨ੍ਹਾਂ ਘਟਨਾਵਾਂ ਦੀ ਪਹਿਲਾਂ ਹੀ ਜਾਂਚ ਕਰ ਰਿਹਾ ਹੈ ਪਰ ਘਟਨਾਵਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤੇ ਨਾਲ ਜੁੜੀਆਂ ਹੋਣ ਕਰਕੇ ਡੂੰਘਾਈ ਨਾਲ ਜਾਂਚ ਹੋਣੀ ਅਤਿ ਜ਼ਰੂਰੀ ਹੈ।
ਦੱਸ ਦਈਏ ਕਿ ਪਿਛਲੇ ਦੋ ਦਿਨਾਂ ਵਿੱਚ ਵੀਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ‘ਤੇ ਦੋ ਧਮਾਕੇ ਹੋ ਚੁੱਕੇ ਹਨ। ਪਹਿਲੇ ਧਮਾਕੇ ਵਿੱਚ ਕੁਝ ਲੋਕ ਜ਼ਖਮੀ ਵੀ ਹੋਏ ਸਨ। ਅਚਾਨਕ ਧਮਾਕੇ ਕਾਰਨ ਸ਼ਰਧਾਲੂਆਂ ਵਿੱਚ ਦਹਿਸ਼ਤ ਫੈਲ ਗਈ ਸੀ। ਦੂਜੇ ਧਮਾਕਾ ਸਵੇਰ ਦੇ ਸਮੇਂ ਹੋਇਆ ਸੀ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਡੀਜੀਪੀ ਦਾ ਬਿਆਨ
ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ‘ਤੇ ਹੋਏ 2 ਧਮਾਕਿਆਂ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦਾ ਵੱਡਾ ਬਿਆਨ ਆਇਆ ਸੀ । ਉਨ੍ਹਾਂ ਨੇ ਕਿਹਾ ਸੀ ਕਿ ਸੋਮਵਾਰ ਨੂੰ ਹੋਏ ਧਮਾਕੇ ਦੀ ਆਵਾਜ਼ ਕਾਫੀ ਤੇਜ਼ ਸੀ। ਹੈਰੀਟੇਜ ਸਟ੍ਰੀਟ ਦੀ ਪਾਰਕਿੰਗ ‘ਤੇ ਧਮਾਕਾਖੇਜ ਸਮੱਗਰੀ ਰੱਖੀ ਗਈ ਸੀ। ਜਿਸ ਨੂੰ ਇੱਕ ਧਾਗੇ ਨਾ ਖਿੱਚਣ ਕਾਰਨ ਧਮਾਕਾਖੇਜ ਸਮੱਗਰੀ ਹੇਠਾਂ ਡਿੱਗੀ ਅਤੇ ਬਲਾਸਟ ਹੋਇਆ। ਧਮਾਕੇ ਵਾਲੀ ਥਾਂ ‘ਤੇ ਪਹੁੰਚੇ ਡੀਜੀਪੀ ਨੂੰ ਜਦੋਂ ਪੁੱਛਿਆ ਗਿਆ ਕਿ ਇਸ ਵਿੱਚ IED ਦੀ ਵਰਤੋਂ ਹੋਈ ਹੈ ਤਾਂ ਉਨ੍ਹਾਂ ਨੇ ਕਿਹਾ ਜਿੰਨੇ ਵੀ ਧਮਾਕੇ ਹੁੰਦੇ ਹਨ, ਉਸ ਵਿੱਚ IED ਯਾਨੀ ਇਮਪਰੋਵਾਇਸ ਐਕਪਲੋਸਿਵ ਡਿਵਾਇਜ਼ (improvised explosive device) ਦੀ ਵਰਤੋਂ ਕੀਤੀ ਜਾਂਦੀ ਹੈ।
ਡੀਜੀਪੀ ਨੇ ਕਿਹਾ ਜਿਸ ਨਾਲ ਧਮਾਕਾ ਕੀਤਾ ਗਿਆ, ਉਸ ਦੀ ਤਾਕਤ ਘੱਟ ਸੀ। ਪੁਲਿਸ ਮੁੱਖੀ ਗੌਰਵ ਯਾਦਵ ਨੇ ਸਾਫ ਕੀਤਾ ਕਿ ਧਮਾਕੇ ਵਾਲੀ ਥਾਂ ਤੋਂ ਹੁਣ ਤੱਕ ਕੋਈ ਡੈਟੋਨੇਟਰ ਨਹੀਂ ਮਿਲਿਆ । ਇਸ ਦੇ ਪਿੱਛੇ ਕੀ ਇਰਾਦਾ ਸੀ? ਇਸ ਦੀ ਜਾਂਚ ਕੀਤੀ ਜਾ ਰਹੀ ਹੈ।