Punjab

ਪੁਲਿਸ ਲਈ ਸਿਰਦਰਦ ਬਣੇ ਸੁੱਖੇ ਦਾ ਉਸਦੇ ਸਾਥੀਆਂ ਨੇ ਹੀ ਕੀਤਾ ਇਹ ਹਾਲ …

This is the reason for the murder of gangster Sukha 23 cases were registered on wanted

ਚੰਡੀਗੜ੍ਹ : ਪੰਜਾਬ ਦੇ ਲੁਧਿਆਣਾ ਵਿੱਚ ਗੈਂਗਸਟਰ ਸੁੱਖਾ ਬਡੇਵਾਲ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁੱਖਾ ਬਾੜੇਵਾਲੀਆ ਦੇ ਪੁਰਾਣੇ ਸਾਥੀਆਂ ਨੇ ਉਸ ਨੂੰ ਵਿਵਾਦ ਹੱਲ ਕਰਨ ਲਈ ਸੱਦਿਆ ਸੀ ਤੇ ਉੱਥੇ ਬਹਿਸ ਦੌਰਾਨ ਗੋਲੀਆਂ ਚੱਲ ਗਈਆਂ। ਇਸ ਦੌਰਾਨ ਸਮਝੌਤੇ ਲਈ ਸੱਦਣ ਵਾਲੇ ਸੁੱਖੇ ਦੇ ਪੁਰਾਣੇ ਦੋਸਤ ਰੋਹਿਤ ਉਰਫ਼ ਈਸ਼ੂ ਦੇ ਸਿਰ ’ਚ ਵੀ ਗੋਲੀ ਲੱਗੀ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੋਹਿਤ ਇਸ ਵੇਲੇ ਡੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਘਟਨਾ ਹੈਬੋਵਾਲ ਇਲਾਕੇ ਦੇ ਜੋਗਿੰਦਰ ਨਗਰ ਦੀ ਹੈ। ਸੁੱਖਾ ਬਾੜੇਵਾਲੀਆ ਆਪਣੇ ਸਾਥੀ ਰੋਹਿਤ ਦੇ ਘਰ ਛੱਤ ‘ਤੇ ਬੈਠਾ ਹੋਇਆ ਸੀ। ਉਸ ਦੇ ਨਾਲ ਬੱਬੂ ਵੀ ਮੌਜੂਦ ਸੀ। ਕਿਸੇ ਗੱਲ ਨੂੰ ਲੈ ਕੇ ਤਿੰਨਾਂ ਵਿਚ ਤਿੱਖੀ ਤਕਰਾਰਬਾਜ਼ੀ ਹੋ ਗਈ। ਰੋਹਿਤ ਤੇ ਬੱਬੂ ਨੇ ਬਾੜੇਵਾਲੀਆ ‘ਤੇ ਗੋਲੀਆਂ ਚਲਾ ਦਿੱਤੀਆਂ। ਛਾਤੀ ‘ਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹੱਥੋਂਪਾਈ ਦੌਰਾਨ ਸਿਰ ‘ਚ ਗੋਲੀ ਲੱਗਣ ਨਾਲ ਰੋਹਿਤ ਵੀ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੇ ਬਾਅਦ ਤੋਂ ਬੱਬੂ ਫਰਾਰ ਹੈ। ਇਸ ਘਟਨਾ ਦੌਰਾਨ ਸੁੱਖੇ ਨਾਲ ਆਇਆ ਉਸ ਦਾ ਇੱਕ ਅਣਪਛਾਤਾ ਸਾਥੀ ਮੌਕੇ ’ਤੋਂ ਫਰਾਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਗਾਤਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਬਾਹਰ ਆ ਗਏ ਤੇ ਇਸ ਸਬੰਧੀ ਖ਼ਬਰ ਪੁਲੀਸ ਨੂੰ ਦਿੱਤੀ। ਇਸ ਮਗਰੋਂ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ, ਡੀਸੀਪੀ ਹਰਮੀਤ ਸਿੰਘ ਹੁੰਦਲ, ਏਸੀਪੀ ਮਨਦੀਪ ਸਿੰਘ ਸੰਧੂ ਤੇ ਵੱਖ-ਵੱਖ ਪੁਲੀਸ ਟੀਮਾਂ ਮੌਕੇ ’ਤੇ ਪੁੱਜੀਆਂ, ਜਿਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।

ਗੈਂਗਸਟਰ ਸੁੱਖਾ ਦੀ ਪਤਨੀ ਨੇ ਲਾਏ ਇਹ ਦੋਸ਼

ਗੈਂਗਸਟਰ ਸੁੱਖਾ ਬਾੜੇਵਾਲੀਆ ਦੀ ਪਤਨੀ ਅਮਿਤਾ ਨੇ ਦੋਸ਼ ਲਾਇਆ ਕਿ ਰੋਹਿਤ ਉਰਫ਼ ਈਸ਼ੂ ਕਈ ਥਾਵਾਂ ’ਤੇ ਨਸ਼ਾ ਤਸਕਰੀ ਵੇਲੇ ਸੁੱਖੇ ਦਾ ਨਾਂ ਵਰਤ ਰਿਹਾ ਸੀ। ਦੋਵੇਂ ਗੱਲਬਾਤ ਰਾਹੀਂ ਆਪਸੀ ਵਿਵਾਦ ਖ਼ਤਮ ਕਰਨ ਲਈ ਮਿਲੇ ਸਨ, ਪਰ ਇਸ ਦੌਰਾਨ ਛਿੜੀ ਬਹਿਸ ਨੇ ਖੂਨੀ ਰੂਪ ਅਖ਼ਤਿਆਰ ਕਰ ਲਿਆ।

ਇਸ ਸਬੰਧੀ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਤੇ ਡੀਸੀਪੀ ਕ੍ਰਾਈਮ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸੁੱਖਾ ਸਮਝੌਤਾ ਕਰਨ ਲਈ ਆਇਆ ਸੀ, ਪਰ ਬਹਿਸ ਦੌਰਾਨ ਦੋਵਾਂ ਵਿਚਾਲੇ ਗੋਲੀਆਂ ਚੱਲੀਆਂ ਤੇ ਸੁੱਖੇ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ।

ਕਈ ਤਰ੍ਹਾਂ ਦੇ 23 ਕੇਸ ਦਰਜ

ਜ਼ਿਕਰਯੋਗ ਹੈ ਕਿ ਗੈਂਗਸਟਰ ਸੁੱਖਾ ਬਾੜੇਵਾਲੀਆ ਖਿਲਾਫ਼ ਸ਼ਹਿਰ ’ਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਚੋਰੀ ਤੇ ਡਕੈਤੀ ਸਮੇਤ ਹੋਰ ਕਈ ਤਰ੍ਹਾਂ ਦੇ 23 ਕੇਸ ਦਰਜ ਹਨ। ਉਹ ਪਹਿਲਾਂ ਵੀ ਕਈ ਵਾਰ ਜੇਲ੍ਹ ’ਚ ਜਾ ਚੁੱਕਿਆ ਹੈ।

ਲੁਧਿਆਣਾ ਪੁਲਿਸ ਲਈ ਸਿਰਦਰਦੀ ਬਣਿਆ ਸੁੱਖਾ ਨੇ ਜ਼ਮੀਨਾਂ ਹੜੱਪਣ ਅਤੇ ਲੋਕਾਂ ਨਾਲ ਠੱਗੀ ਮਾਰਨ ਦਾ ਕੰਮ ਕਰਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿਆਸਤਦਾਨ ਇਸ ਗੈਂਗਸਟਰ ਨੂੰ ਜਾਇਦਾਦਾਂ ਹੜੱਪਣ ਅਤੇ ਲੋਕਾਂ ਨੂੰ ਧਮਕੀਆਂ ਦੇਣ ਲਈ ਵਰਤਦੇ ਰਹੇ ਹਨ।

ਬਡੇਵਾਲੀਆ 2005 ਵਿੱਚ ਪੁਲਿਸ ਰਿਕਾਰਡ ਵਿੱਚ ਆਇਆ ਸੀ ਜਦੋਂ ਉਸਨੇ ਦੋ ਵਿਅਕਤੀਆਂ, ਦੀਪੂ ਅਤੇ ਭੋਲਾ ਰਾਮ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਸਿੱਧਵਾਂ ਨਹਿਰ ਵਿੱਚ ਸੁੱਟ ਦਿੱਤੀਆਂ ਸਨ। ਉਸ ਖ਼ਿਲਾਫ਼ ਫੋਕਲ ਪੁਆਇੰਟ ਅਤੇ ਡਿਵੀਜ਼ਨ ਨੰਬਰ 7 ਦੇ ਥਾਣਿਆਂ ਵਿੱਚ ਕਤਲ ਦੇ ਦੋ ਵੱਖ-ਵੱਖ ਕੇਸ ਦਰਜ ਸਨ ਅਤੇ ਉਹ ਜੇਲ੍ਹ ਵਿੱਚ ਬੰਦ ਸੀ, ਪਰ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ।

ਇਸ ਤੋਂ ਬਾਅਦ, ਅਗਸਤ 2012 ਵਿੱਚ, ਬਡੇਵਾਲੀਆ ਨੇ ਧਾਂਦਰਾ ਰੋਡ ‘ਤੇ ਅਮਨਦੀਪ ਆਸਾ ‘ਤੇ ਅਤੇ ਫਿਰ ਮਾਡਲ ਟਾਊਨ ਵਿੱਚ ਇੱਕ ਐਨਆਰਆਈ ਜਗਦੀਪ ਚਾਹਲ ‘ਤੇ ਗੋਲੀਆਂ ਚਲਾਈਆਂ। ਦੋਵਾਂ ਮਾਮਲਿਆਂ ‘ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਾਲ ਦਰ ਸਾਲ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਧਦੇ ਰਹੇ।

ਅਕਤੂਬਰ 2013 ਵਿੱਚ, ਗੈਂਗਸਟਰ ਨੇ ਬਡੇਵਾਲ ਰੋਡ ‘ਤੇ ਮਨੀ ਭਾਂਜਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦਸੰਬਰ 2013 ਵਿੱਚ ਦੱਖਣੀ ਸਿਟੀ ਨਹਿਰ ਦੇ ਪੁਲ ‘ਤੇ ਆਪਣੇ ਵਿਰੋਧੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਬਡੇਵਾਲੀਆ ਨੇ ਪੁਲਿਸ ਲਈ ਵੀ ਖਤਰਾ ਪੈਦਾ ਕਰ ਦਿੱਤਾ ਸੀ।

ਬਡੇਵਾਲੀਆ ਨੇ 2014 ‘ਚ ਹੰਬੜਾ ਰੋਡ ‘ਤੇ ਪੁਲਿਸ ਪਾਰਟੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸੀ। ਗੱਡੀ ਨੇ ਪੁਲਿਸ ਪਾਰਟੀ ਨੂੰ ਟੱਕਰ ਮਾਰ ਦਿੱਤੀ। ਫਰਵਰੀ 2017 ਵਿੱਚ, ਮੁਲਜ਼ਮ ਨੇ ਇੱਕ ਦੁਕਾਨਦਾਰ ‘ਤੇ ਗੋਲੀਬਾਰੀ ਕੀਤੀ, ਜਿਸ ਲਈ ਉਸ ‘ਤੇ ਦੁਬਾਰਾ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖ਼ਿਲਾਫ਼ ਲੁੱਟ-ਖੋਹ, ਕੁੱਟਮਾਰ ਅਤੇ ਧੋਖਾਧੜੀ ਦਾ ਮਾਮਲਾ ਵੀ ਦਰਜ ਹੈ।