Punjab

ਪੰਜਾਬ ‘ਚ ਧਰਤੀ ਹੇਠਲਾ ਪਾਣੀ ਸਿਰਫ਼ 17 ਸਾਲਾਂ ਦਾ ਹੀ ਬਚਿਆ, ਰਿਪੋਰਟ ‘ਚ ਹੈਰਾਨਕੁਨ ਖੁਲਾਸਾ

Ground water situation is critical in dozens of districts of Punjab

ਚੰਡੀਗੜ੍ਹ: ਪੰਜਾਂ ਦਰਿਆਵਾਂ ਵਾਲੇ ਪੰਜਾਬ ਦੀ ਧਰਤੀ ਪਾਣੀ ਦੇ ਡੂੰਘੇ ਸੰਕਟ ਵਿੱਚੋਂ ਲੰਘ ਰਹੀ ਹੈ। ਪੰਜਾਬ ਦੇ ਕਰੀਬ ਦਰਜਨ ਜ਼ਿਲ੍ਹਿਆਂ ’ਚ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਸਥਿਤੀ ਨਾਜ਼ੁਕ ਮੋੜ ’ਤੇ ਪੁੱਜ ਗਈ ਹੈ। ਕੇਂਦਰੀ ਭੂ-ਜਲ ਬੋਰਡ ਦੀ 2019 ਵਿੱਚ ਆਈ ਰਿਪੋਰਟ ਨੇ ਬੜੇ ਭਿਆਨਕ ਅੰਕੜੇ ਪੇਸ਼ ਕੀਤੇ ਹਨ। ਰਿਪੋਰਟ ਮੁਤਾਬਿਕ ਧਰਤੀ ਹੇਠਲੇ ਤਿੰਨ ਪੱਤਣਾਂ ਦਾ ਪਾਣੀ ਮੁੱਕ ਚੱਲਿਆ ਹੈ। ਇਨ੍ਹਾਂ ਪੱਤਣਾਂ ’ਚ 320 ਅਰਬ ਘਣ ਮੀਟਰ ਪਾਣੀ ਹੈ ਤੇ ਹਰੇਕ ਸਾਲ ਮੀਂਹਾਂ ਰਾਹੀਂ 21 ਅਰਬ ਘਣ ਮੀਟਰ ਪਾਣੀ ਧਰਤੀ ’ਚ ਸਿੰਮਦਾ ਹੈ।

ਰਿਪੋਰਟ ਅਨੁਸਾਰ ਪੰਜਾਬੀ ਹਰ ਸਾਲ 35 ਅਰਬ ਘਣ ਮੀਟਰ ਪਾਣੀ ਧਰਤੀ ਹੇਠੋਂ ਕੱਢ ਰਹੇ ਹਨ। ਇਸ ਤਰ੍ਹਾਂ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਸਿਰਫ਼ 17 ਸਾਲਾਂ ਦਾ ਹੀ ਬਚਿਆ ਹੈ। ਆਈਆਈਟੀ ਖੜਗਪੁਰ, ਅਮਰੀਕਾ ਦੀ ਨਾਸਾ ਏਜੰਸੀ, ਪੰਜਾਬ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਤ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੇ ਗਏ ਅਧਿਐਨਾਂ ਅਨੁਸਾਰ ਪੰਜਾਬ ਬੜੀ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ।

ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਲੋਡ ਵਧਾਉਣੇ ਪੈ ਰਹੇ

ਹਾਲਤ ਇਹ ਹੈ ਕਿ ਪਾਣੀ ਡੂੰਘਾ ਜਾਣ ਕਰ ਕੇ ਕਿਸਾਨਾਂ ਨੂੰ ਭਾਰੀ ਖ਼ਰਚੇ ਕਰਨੇ ਪੈ ਰਹੇ ਹਨ। ਪਾਵਰਕੌਮ ਦੇ ਤਾਜ਼ਾ ਵੇਰਵਿਆਂ ਅਨੁਸਾਰ ਲੰਘੇ ਸਾਢੇ ਚਾਰ ਮਹੀਨਿਆਂ ਵਿਚ ਪੰਜਾਬ ਦੇ 1.84 ਕਿਸਾਨਾਂ ਨੇ ਖੇਤੀ ਮੋਟਰਾਂ ਦਾ ਲੋਡ ਵਧਾਇਆ ਹੈ ਜਿਸ ਨਾਲ ਮੋਟਰਾਂ ਦੇ ਲੋਡ ਵਿਚ 7.49 ਲੱਖ ਬਰੇਕ ਹਾਰਸ ਪਾਵਰ (ਬੀਐਚਪੀ) ਦਾ ਵਾਧਾ ਹੋਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ 9 ਜੂਨ ਨੂੰ ਖੇਤੀ ਮੋਟਰਾਂ ਦਾ ਲੋਡ ਵਧਾਉਣ ਦੀ ਫ਼ੀਸ 4750 ਤੋਂ ਘਟਾ ਕੇ 2500 ਰੁਪਏ ਪ੍ਰਤੀ ਹਾਰਸ ਪਾਵਰ ਕਰ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਉਨ੍ਹਾਂ ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਹਨ ਜਿਨ੍ਹਾਂ ਦੀਆਂ ਮੋਟਰਾਂ ਪਾਣੀ ਡੂੰਘੇ ਚਲੇ ਜਾਣ ਕਰ ਕੇ ਪਾਣੀ ਕੱਢਣ ਦੇ ਸਮਰੱਥ ਨਹੀਂ ਰਹੀਆਂ ਸਨ। ਪਾਵਰਕੌਮ ਦੇ ਪੱਛਮੀ ਜ਼ੋਨ ਦੇ ਸੱਤ ਜ਼ਿਲ੍ਹਿਆਂ ਦੇ ਸਭ ਤੋਂ ਵੱਧ 51,359 ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਿਚ 2.24 ਲੱਖ ਬੀਐਚਪੀ ਦਾ ਵਾਧਾ ਕੀਤਾ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹਾ ਸਭ ਤੋਂ ਮੋਹਰੀ ਰਿਹਾ ਹੈ। ਇੱਥੇ 17,245 ਕਿਸਾਨਾਂ ਨੇ 81,802 ਬੀਐਚਪੀ ਲੋਡ ਵਧਾਇਆ ਹੈ। ਇਸੇ ਤਰ੍ਹਾਂ ਬਰਨਾਲਾ ਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿਚ 15,383 ਕਿਸਾਨਾਂ ਨੇ 70,964 ਬੀਐਚਪੀ ਲੋਡ ਵਧਾਇਆ ਹੈ। ਤਰਨ ਤਾਰਨ ਵਿਚ 19,603 ਕਿਸਾਨਾਂ ਨੇ 76,785 ਬੀਐੱਚਪੀ ਲੋਡ ਵਧਾਇਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਸਕੀਮ ਨਾਲ ਕਿਸਾਨਾਂ ਨੂੰ ਕਰੀਬ 200 ਕਰੋੜ ਰੁਪਏ ਦੀ ਰਾਹਤ ਮਿਲੀ ਹੈ ਜਦੋਂਕਿ ਕਿਸਾਨਾਂ ਨੂੰ ਲੋਡ ਵਧਾਉੁਣ ਲਈ ਪਾਵਰਕੌਮ ਨੂੰ 202 ਕਰੋੜ ਰੁਪਏ ਤਾਰਨੇ ਵੀ ਪਏ ਹਨ।

ਪਾਵਰਕੌਮ ਨੂੰ ਸਭ ਤੋਂ ਵੱਧ ਰਕਮ ਪੱਛਮੀ ਜ਼ੋਨ ’ਚੋਂ 60.61 ਕਰੋੜ ਹਾਸਲ ਹੋਏ ਹਨ। ਦੱਖਣੀ ਜ਼ੋਨ ਦੇ ਕਿਸਾਨਾਂ ਨੇ 47.74 ਕਰੋੜ ਤੇ ਸਰਹੱਦੀ ਜ਼ੋਨ ਦੇ ਕਿਸਾਨਾਂ ਨੇ ਲੋਡ ’ਚ ਵਾਧੇ ਲਈ 32.98 ਕਰੋੜ ਰੁਪਏ ਭਰੇ ਹਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ 22.08 ਕਰੋੜ ਰੁਪਏ ਭਰੇ ਹਨ।

 

ਪੰਜਾਬ ਵਿੱਚ ਇਸ ਵੇਲੇ 15 ਲੱਖ ਤੋਂ ਵੱਧ ਟਿਊਬਵੈੱਲ ਹਨ, ਜਿਨ੍ਹਾਂ ਵਿੱਚ 14 ਲੱਖ 20 ਹਜ਼ਾਰ ’ਤੇ ਬਿਜਲੀ ਦੀਆਂ ਮੋਟਰਾਂ ਤੇ ਬਾਕੀਆਂ ’ਤੇ ਡੀਜ਼ਲ ਇੰਜਣ ਲੱਗੇ ਹੋਏ ਹਨ। ਇਨ੍ਹਾਂ ਟਿਊਬਵੈੱਲਾਂ ਰਾਹੀਂ ਪਾਣੀ ਕੱਢਣ ਲਈ ਸਾਢੇ 7 ਹਾਰਸ ਪਾਵਰ ਤੋਂ 12 ਹਾਰਸ ਪਾਵਰ ਤੱਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਹਨ। ਝੋਨੇ ਦੀ ਬਿਜਾਈ ਸਮੇਂ 15 ਜੂਨ ਤੋਂ 30 ਸਤੰਬਰ ਤੱਕ 8-8 ਘੰਟੇ ਚੱਲਦੀਆਂ ਮੋਟਰਾਂ ਧਰਤੀ ਹੇਠਲੇ ਪਾਣੀ ਦੇ ਅਥਾਹ ਭੰਡਾਰ ਨੂੰ ਲਗਾਤਾਰ ਖਤਮ ਕਰ ਰਹੀਆਂ ਹਨ। ਖੇਤੀਬਾੜੀ ਲਈ ਮੋਟਰਾਂ ਸਾਲ ਵਿੱਚ 8 ਤੋਂ 9 ਹਜ਼ਾਰ ਯੂਨਿਟ ਬਿਜਲੀ ਫੂਕਦੀਆਂ ਹਨ।

 

ਨਦੀਆਂ ਤੇ ਦਰਿਆ ਪੰਜਾਬ ਦੀਆਂ ਸਾਹ ਰਗਾਂ ਹਨ, ਇਨ੍ਹਾਂ ਨੂੰ ਬਚਾਉਣਾ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਉਥੇ ਹੀ ਲੋਕਾਂ ਲਈ ਵੀ ਜ਼ਰੂਰੀ ਹੈ ਕਿ ਉਹ ਇਸ ਕੁਦਰਤੀ ਸੋਮੇ ਨੂੰ ਬਚਾਉਣ ਲਈ ਆਪਣਾ ਪੂਰਾ ਯੋਗਦਾਨ ਪਾਉਣ ਦੀ ਜ਼ਰੂਰਤ ਹੈ।