ਨਿਊਯਾਰਕ : ਬਰਫੀਲੇ ਤੂਫਾਨ ਨੇ ਉੱਤਰੀ ਅਮਰੀਕਾ ਵਿਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਦੇ ਪ੍ਰਭਾਵ ਕਾਰਨ ਹੁਣ ਤੱਕ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੂਫਾਨ ਦਾ ਅਸਰ ਟੈਕਸਾਸ ਸੂਬੇ ਤੋਂ ਲੈ ਕੇ ਕੈਨੇਡਾ ਤੱਕ ਦੂਰ ਦੱਖਣ ‘ਚ ਦੇਖਿਆ ਜਾ ਰਿਹਾ ਹੈ। ਪਰ ਸਭ ਤੋਂ ਵੱਧ ਅਸਰ ਨਿਊਯਾਰਕ ਰਾਜ ਦੇ ਬਫੇਲੋ ਸ਼ਹਿਰ ‘ਤੇ ਪਿਆ ਹੈ, ਜਿੱਥੇ ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਕੁਝ ਲੋਕ 48 ਘੰਟਿਆਂ ਤੋਂ ਵੱਧ ਸਮੇਂ ਤੋਂ ਆਪਣੇ ਵਾਹਨਾਂ ਵਿੱਚ ਫਸੇ ਹੋਏ ਹਨ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਨਿਊਯਾਰਕ ਸੂਬੇ ਦੇ ਕਈ ਇਲਾਕਿਆਂ ‘ਚ ਨੌਂ ਇੰਚ ਤੱਕ ਬਰਫ ਪੈਣ ਦੀ ਸੰਭਾਵਨਾ ਹੈ।
ਇਸ ਕੁਦਰਤੀ ਆਫ਼ਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਨਿਊਯਾਰਕ ਲਈ ਐਮਰਜੈਂਸੀ ਦੇ ਐਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਜੋ ਸੂਬੇ ਨੂੰ ਸੰਘੀ ਸਹਾਇਤਾ ਮਿਲ ਸਕੇ। ਪੋਲੋਨਕਾਰਜ਼ ਨੇ ਸਥਾਨਕ ਸਿਹਤ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਬਰਫਬਾਰੀ ਦੌਰਾਨ ਕਈ ਲੋਕਾਂ ਦੀ ਦਿਲ ਦੀ ਤਕਲੀਫ ਨਾਲ ਮੌਤ ਹੋ ਗਈ ਅਤੇ ਕੁਝ ਲੋਕ ਆਪਣੇ ਵਾਹਨਾਂ ‘ਚ ਮ੍ਰਿਤਕ ਪਾਏ ਗਏ।
ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਕਿਹਾ, “ਇਹ ਜੰਗੀ ਖੇਤਰ ਵਿੱਚ ਜਾਣ ਵਰਗਾ ਹੈ ਅਤੇ ਸੜਕ ਦੇ ਕਿਨਾਰੇ ਖੜ੍ਹੇ ਵਾਹਨਾਂ ਦੀ ਹਾਲਤ ਦਿਲ ਕੰਬਾਊ ਹੈ।”
ਟਰੈਕਿੰਗ ਸਾਈਟ Flightaware.com ਦੇ ਅਨੁਸਾਰ, ਗੰਭੀਰ ਬਰਫਬਾਰੀ, ਤੇਜ਼ ਹਵਾ ਅਤੇ ਘੱਟ-ਜ਼ੀਰੋ ਤਾਪਮਾਨ ਕਾਰਨ ਸੋਮਵਾਰ ਨੂੰ 3,800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਦੀਆਂ 15,000 ਤੋਂ ਵੱਧ ਉਡਾਣਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਪੱਛਮੀ ਨਿਊਯਾਰਕ ਦੇ ਕੁਝ ਹਿੱਸਿਆਂ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ, ਜਿਸ ਵਿੱਚ ਐਰੀ ਝੀਲ ਅਤੇ ਓਨਟਾਰੀਓ ਝੀਲ ਦੇ ਪੂਰਬੀ ਸਿਰੇ ਸ਼ਾਮਲ ਹਨ। ਇਸ ਦੌਰਾਨ ਇਲਾਕੇ ‘ਚ ਹਰ ਤਰ੍ਹਾਂ ਦੇ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ।