‘ਦ ਖ਼ਾਲਸ ਬਿਊਰੋ:- ਪੰਜਾਬ ‘ਚ ਪ੍ਰਾਈਵੇਟ ਸਕੂਲ ਵੱਲੋਂ ਵਸੂਲੀਆਂ ਜਾ ਰਹੀਆਂ ਫੀਸਾਂ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਅੰਮ੍ਰਿਤਸਰ ਦੇ ਭਗਤਾਂ ਵਾਲਾ ‘ਚ ਇੱਕ ਪ੍ਰਾਈਵੇਟ ਸਕੂਲ ਗੁਰੂ ਹਰਿਕ੍ਰਿਸ਼ਨ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ Covid-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਜਦੋਂ ਬੱਚਿਆਂ ਦੇ ਮਾਪੇ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਦੇਣ ਪਹੁੰਚੇ ਤਾਂ ਸਕੂਲ ਪ੍ਰਬੰਧਕਾਂ ਨੇ ਸਕੂਲ ਦਾ ਮੇਨ ਗੇਟ ਬੰਦ ਕਰ ਲਿਆ।
ਜਿਸ ਤੋਂ ਬਾਅਦ ਮਾਪਿਆਂ ਨੇ No-School, No-Fees ਅਤੇ No-Admission, No-Fees ਦੇ ਪੋਸਟਰ ਹੱਥਾਂ ‘ਚ ਫੜ੍ਹ ਕੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨ ਕਰ ਰਹੇ ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਲੱਗੇ ਲਾਕਡਾਊਨ ਦੌਰਾਨ ਸਕੂਲ ਬੰਦ ਪਏ ਹਨ, ਇਸ ਕਰਕੇ ਉਹ ਫੀਸਾਂ ਕਿਉਂ ਦੇਣ? ਬੇਸ਼ੱਕ ਸਕੂਲ ਦੇ ਅਧਿਆਪਕਾਂ ਵੱਲੋਂ ਪੜ੍ਹਾਈ ਆਨਲਾਈਨ ਕਰਵਾਈ ਜਾ ਰਹੀ ਹੈ, ਪਰ ਉਸ ਨਾਲ ਬੱਚਿਆਂ ਦੇ ਕੁੱਝ ਵੀ ਪੱਲੇ ਨਹੀਂ ਪੈ ਰਿਹਾ। ਪ੍ਰਦਰਸ਼ਨ ਦੌਰਾਨ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਸਕੂਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਤਾਂ ਜਰੂਰ ਕੀਤੀ ਗਈ ਪਰ ਹਾਲੇ ਤੱਕ ਬੱਚਿਆਂ ਦੇ ਮਾਪਿਆਂ ਨੂੰ ਕਿਸੇ ਵੀ ਗੱਲ ਦਾ ਕੋਈ ਭਰੋਸਾ ਨਹੀ ਦਿੱਤਾ ਗਿਆ।