ਸ਼ਹੀਦ ਊਧਮ ਸਿੰਘ 30 ਅਗਸਤ 1927 ਨੂੰ ਅੰਮ੍ਰਿਤਸਰ ਵਿਚ ਗ੍ਰਿਫ਼ਤਾਰ ਹੋਇਆ ਤਾਂ ਉਸ ਕੋਲੋਂ ਕੁੱਝ ਹਥਿਆਰ ਤੇ ਗ਼ਦਰ ਪਾਰਟੀ ਦਾ ਸਾਹਿਤ (1) ਗ਼ਦਰ ਦੀ ਗੂੰਜ ਨੰਬਰ 1, 2, 3, 4, 5 ਦੇਸ਼ ਭਗਤਾਂ ਦੀ ਬਾਣੀ (2) ਰੂਸੀ ਗਦਰੀਆਂ ਦੇ ਸਮਾਚਾਰ (3) ਗ਼ਦਰ ਦੀ ਦੂਰੀ (4) ਨਵਾਂ ਜ਼ਮਾਨਾ (ਲਾਲਾ ਹਰਦਿਆਲ ਦਾ ਲਿਖਿਆ ਪੈਂਫ਼ਲਿਟ) (5) ਗ਼ੁਲਾਮੀ ਦਾ ਜ਼ਹਿਰ (ਪੈਂਫ਼ਲਿਟ) ਆਦਿ ਬਰਾਮਦ ਹੋਇਆ।
ਉਹਨਾਂ ਨੇ ਪੁਲਿਸ ਨੂੰ ਬਿਆਨ ਦਿੱਤਾ: ”ਮੈਂ ਆਪਣਾ ਮਨ ਬਣਾਇਆ ਹੈ ਕਿ ਮੈਂ ਆਪਣੀ ਮਾਤ ਭੂਮੀ ਦੀ ਸੇਵਾ ਕਰਾਂਗਾ ਤੇ ਭਾਰਤੀਆਂ ਨੂੰ ਆਜ਼ਾਦ ਕਰਵਾਵਾਂਗਾ। ਜਦੋਂ ਮੈਂ ਨਿਊਯਾਰਕ ਵਿੱਚ ਸੀ ਤਾਂ ਮੈਂ ‘ਗ਼ਦਰ ਦੀ ਗੂੰਜ’ ਤੇ ਹੋਰ ਗ਼ਦਰ ਪਾਰਟੀ ਵੱਲੋਂ ਜਾਰੀ ਕਿਤਾਬਾਂ ਪੜ੍ਹਦਾ ਸੀ। ਮੈਂ ਉਨ੍ਹਾਂ ਬਾਰੇ ਪੜ੍ਹਦਾ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੀ ਤੇ ਆਪਣੀ ਮਾਤ ਭੂਮੀ ਲਈ ਫਾਂਸੀ ‘ਤੇ ਚੜ੍ਹ ਗਏ। ਉਨ੍ਹਾਂ ਬਾਰੇ ਸੁਣ ਕੇ, ਪੜ੍ਹ ਕੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰ ਦਿੱਤੀ, ਅਮਰੀਕਾ ਵਿਚ ਮੇਰੇ ‘ਤੇ ਇਸ ਦਾ ਬਹੁਤ ਅਸਰ ਹੋਇਆ। ਮੇਰੀ ਪ੍ਰਬਲ ਇੱਛਾ ਹੈ ਕਿ ਮੈਂ ਵੀ ਉਨ੍ਹਾਂ ਲੋਕਾਂ ਦੀ ਤਰ੍ਹਾਂ ਕਰਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰ ਦਿੱਤੀ। ਇਹ ਵਿਚਾਰ ਮੇਰੇ ਮਨ ਵਿਚ ਡੂੰਘਾ ਘਰ ਕਰ ਗਿਆ ਹੈ ਕਿ ਮੈਂ ਭਾਰਤ ਜਾਵਾਂ ਤੇ ਆਪਣਾ ਹਿੱਸਾ ਪਾਵਾਂ।
ਇਨ੍ਹਾਂ ਗ਼ਦਰੀ ਕਿਤਾਬਾਂ ਦੀ ਭਾਰਤ ਵਿਚ ਪਾਬੰਦੀ ਹੈ। ਭਾਰਤ ਸਰਕਾਰ ਨੇ ਇਹਨਾਂ ਦੀ ਛਪਾਈ ‘ਤੇ ਬੰਦਿਸ਼ਾਂ ਲਾਈਆਂ ਨੇ। ਮੈਂ ਇਰਾਦਾ ਕੀਤਾ ਹੈ ਕਿ ਅੰਮ੍ਰਿਤਸਰ ਜਾਂ ਲਾਹੌਰ ਜਾ ਕੇ ਇਨ੍ਹਾਂ ਕਿਤਾਬਾਂ ਨੂੰ ਵੱਡੀ ਗਿਣਤੀ ਵਿਚ ਛਪਵਾ ਕੇ ਲੋਕਾਂ ਵਿਚ ਵੰਡਾਂਗਾ ਤਾਂ ਕਿ ਭਾਰਤੀ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਤੇ ਉਨ੍ਹਾਂ ਦੇ ਵੀ ਮਨ ‘ਤੇ ਉਹੀ ਅਸਰ ਪਵੇ ਜਿਸ ਤਰ੍ਹਾਂ ਦਾ ਵਿਦੇਸ਼ ਵਿਚ ਰਹਿ ਰਹੇ ਲੋਕਾਂ ‘ਤੇ ਪਿਆ ਹੈ ਅਤੇ ਭਾਰਤੀ ਲੋਕ ਉਨ੍ਹਾਂ ਦੀ ਸਹਾਇਤਾ ਕਰਨ ਜਿਹੜੇ ਅਮਰੀਕਾ ਵਿਚ ਭਾਰਤ ਦੀ ਆਜ਼ਾਦੀ ਲਈ ਕੋਸ਼ਿਸ਼ ਕਰ ਰਹੇ ਹਨ। ਮੇਰਾ ਮੰਤਵ ਯੂਰਪੀਅਨਾਂ ਨੂੰ ਮਾਰਨਾ ਹੈ ਜੋ ਭਾਰਤੀਆਂ ‘ਤੇ ਰਾਜ ਕਰਦੇ ਹਨ। ਮੇਰੀ ਬਾਲਸ਼ਵਿਕਾਂ ਨਾਲ ਹਮਦਰਦੀ ਹੈ ਕਿਉਂਕਿ ਉਨ੍ਹਾਂ ਦਾ ਮੰਤਵ ਭਾਰਤ ਨੂੰ ਵਿਦੇਸ਼ੀ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਸੀ। ਇਸੇ ਤਰ੍ਹਾਂ ਹੋਰਨਾਂ ਮੁਲਕਾਂ ਨਾਲ ਵੀ ਹਮਦਰਦੀ ਹੈ ਜਿਹੜੇ ਭਾਰਤ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਹਨ।”
13 ਮਾਰਚ 1940 ਨੂੰ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਚ ਚਾਰ ਅੰਗਰੇਜ਼ ਅਫ਼ਸਰਾਂ ਦੇ 6 ਗੋਲੀਆਂ ਮਾਰੀਆਂ। ਪਹਿਲੀਆਂ ਦੋ ਗੋਲੀਆਂ ਮਾਰਕੁਅਸ ਆਫ਼ ਜੈੱਟਲੈਂਡ ਦੇ ਮਾਰੀਆਂ ਤੇ ਬਾਅਦ ਵਿਚ ਹੋਰ ਅੰਗਰੇਜ਼ ਅਫ਼ਸਰਾਂ ਮਾਈਕਲ ਓਡਵਾਇਰ ਦੇ ਦੋ ਗੋਲੀਆਂ, ਲੁਈਸ ਡੇਨ ਦੇ ਇੱਕ ਤੇ ਲਾਰਡ ਲੈਮਿੰਗਟਨ ਦੇ ਇਕ ਗੋਲੀ ਮਾਰੀ। ਮਾਈਕਲ ਓਡਵਾਇਰ ਮੌਕੇ ‘ਤੇ ਮਰ ਗਿਆ ਅਤੇ ਬਾਕੀ ਜ਼ਖ਼ਮੀ ਹੋ ਗਏ।
ਊਧਮ ਸਿੰਘ ਦਾ ਮੁਕੱਦਮਾ ਓਲਡ ਬੈਲੇ ਲੰਡਨ ਦੀ ਕੇਂਦਰੀ ਅਦਾਲਤ ਵਿਚ ਚੱਲਿਆ। 5 ਜੂਨ 1940 ਨੂੰ ਜਦੋਂ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਊਧਮ ਸਿੰਘ ਨੇ ਕਿਹਾ ਕਿ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ। ਉਹ ਅਦਾਲਤ ‘ਚ ਆਪਣੇ ਨਾਲ ਉਰਦੂ, ਗੁਰਮੁਖੀ ਤੇ ਅੰਗਰੇਜ਼ੀ ਵਿਚ ਲਿਖੇ ਅੱਠ ਪੇਜਾਂ ‘ਚੋਂ 25 ਮਿੰਟ ਬੋਲਦਾ ਰਿਹਾ। ਦੇਸ਼ ਦੀ ਆਜ਼ਾਦੀ ਬਾਰੇ ਉਸ ਨੇ ਕਿਹਾ, ”ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਮੇਰੇ ਵਾਸਤੇ ਕੁੱਝ ਵੀ ਨਹੀਂ ਹੈ, ਮੈਨੂੰ ਮਰ ਜਾਣ ਦੀ ਵੀ ਕੋਈ ਪ੍ਰਵਾਹ ਨਹੀਂ।”
”ਇਸ ਬਾਰੇ ਮੈਨੂੰ ਫ਼ਿਕਰ ਨਹੀਂ, ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ ਅਸੀਂ ਬ੍ਰਿਟਿਸ਼ ਸਾਮਰਾਜ ਦੇ ਹੱਥੋਂ ਸਤਾਏ ਹੋਏ ਹਾਂ। ਮੈਨੂੰ ਮਰਨ ‘ਤੇ ਮਾਣ ਹੈ।” ”ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਮੈਨੂੰ ਮਰਨ ‘ਤੇ ਵੀ ਮਾਣ ਹੋਵੇਗਾ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਚਲਾ ਗਿਆ ਤਾਂ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਧੱਕਣਗੇ ਅਤੇ ਮੇਰੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੱਗੇ ਆਉਣਗੇ।”
ਉਹ ਮਜ਼ਦੂਰਾਂ ਕਿਸਾਨਾਂ ਦੇ ਹੱਕ ਵਿਚ ਬੋਲਿਆ, ਅੰਗਰੇਜ਼ੀ ਕਾਮਿਆਂ ਨਾਲ ਹਮਦਰਦੀ ਜ਼ਾਹਿਰ ਕੀਤੀ। ਅੰਗਰੇਜ਼ ਸਰਕਾਰ ਵੱਲੋਂ ਭਾਰਤੀਆਂ ‘ਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਬੋਲਿਆ, ਉਸ ਨੇ ਜੇਲ੍ਹ ਵਿਚੋਂ ਲਿਖੀਆਂ ਚਿੱਠੀਆਂ ਵਿਚ ਭਗਤ ਸਿੰਘ ਨੂੰ ਆਪਣਾ ਦੋਸਤ ਦੱਸਿਆ। ਉਹ ਬ੍ਰਿਟਿਸ਼ ਸਾਮਰਾਜ ਵੱਲੋਂ ਭਾਰਤੀਆਂ ਦੀ ਕੀਤੀ ਜਾਂਦੀ ਲੁੱਟ ਤੇ ਉਨ੍ਹਾਂ ਵੱਲੋਂ ਕੀਤੇ ਜਾਂਦੇ ਜ਼ੁਲਮਾਂ ਦੇ ਵਿਰੁੱਧ ਸੀ। ਉਹ ਭਾਰਤ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਸੀ। ਉਹ ਆਜ਼ਾਦੀ, ਜਮਹੂਰੀਅਤ ਅਤੇ ਬਰਾਬਰੀ ਤੇ ਟਿਕੇ ਨਿਆਂ ਭਰੇ ਭਾਰਤ ਦੀ ਸਿਰਜਣਾ ਕਰਨ ਦੇ ਆਦਰਸ਼ਾਂ ਨੂੰ ਪਰਨਾਇਆ ਸੀ।