India Punjab

ਜਲ੍ਹਿਆਂਵਾਲੇ ਬਾਗ਼ ਦੇ ਖ਼ੂ ਨੀ ਸਾਕੇ ਦਾ ਬਦਲਾ ਲੈਣ ਵਾਲਾ ਯੋਧਾ ਸ਼ਹੀ ਦ ਊਧਮ ਸਿੰਘ

ਦ ਖ਼ਾਲਸ ਬਿਊਰੋ : ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਵਾਸੀਆਂ ਨੂੰ ਇੱਕ ਲੰਮਾ ਸੰਘਰਸ਼ ਕਰਨਾ ਪਿਆ ਹੈ। ਇ, ਲੰਮੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਨੇ ਪਾਈਆਂ। ਜਿਨਾਂ ਸ਼ਹੀਦਾਂ ਦੇ ਯਤਨਾਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ । ਅਜਿਹੇ ਯੋਧਿਆਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਹੀਦ ਏ ਆਜ਼ਮ ਊਧਮ ਸਿੰਘ ਇੱਕ ਅਜਿਹੇ ਕ੍ਰਾਂਤੀਕਾਰੀ ਨੌਜਵਾਨ ਸਨ ਜਿਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਊਧਮ ਸਿੰਘ ਅੰਦਰ ਦੇਸ਼ ਭਗਤੀ ਦਾ ਜ਼ਜ਼ਬਾ ਇੰਨਾ ਜ਼ਿਆਦਾ ਭਰਿਆ ਹੋਇਆ ਸੀ ਕਿ ਉਨ੍ਹਾਂ ਨੇ ਲੰਡਨ ਜਾ ਕੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਮੁੱਖ ਦੋਸ਼ੀ ਜਨਰਲ ਉਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਸਦਾ ਦੀ ਨੀਂਦ ਸੁਆ ਦਿੱਤਾ ਸੀ।

ਭਾਰਤ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈਸਵੀ ਨੂੰ ਸੁਨਾਮ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਸਰਦਾਰ ਟਹਿਲ ਸਿੰਘ ਜੰਮੂ, ਕੰਬੋਜ ਸਿੱਖ ਬਰਾਦਰੀ ਨਾਲ ਸੰਬੰਧਤ ਸਨ। ਉਨ੍ਹਾਂ ਦੇ ਮਾਤਾ ਦਾ ਨਾਮ ਹਰਨਾਮ ਕੌਰ ਤੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ ਸੀ। ਜੀਵਨ ਦੇ ਮੁੱਢਲੇ ਸਾਲਾਂ ਦੌਰਾਨ ਊਧਮ ਸਿੰਘ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਦੇ ਮਾਤਾ 1901, ਪਿਤਾ 1907 ਅਤੇ ਭਰਾ 1913 ਈਸਵੀ ਵਿਚ ਅਕਾਲ ਚਲਾਣਾ ਕਰ ਗਏ।

ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸਰਦਾਰ ਟਹਿਲ ਸਿੰਘ ਕੰਬੋਜ ਦੇ ਘਰ ਸੁਨਾਮ ਵਿਖੇ ਹੋਇਆ। ਜਨਮ ਤੋਂ ਦੋ ਸਾਲ ਬਾਅਦ ਹੀ ਇਨ੍ਹਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਤੇ ਕੁੱਝ ਸਮੇਂ ਬਾਅਦ ਪਿਤਾ ਦਾ ਸਾਇਆ ਵੀ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ। ਮਾਤਾ-ਪਿਤਾ ਤੋਂ ਬਾਅਦ ਊਧਮ ਸਿੰਘ ਦੇ ਵੱਡੇ ਭਰਾ ਸਾਧੂ ਸਿੰਘ ਦੀ ਵੀ 19 ਸਾਲ ਦੀ ਉਮਰ ਵਿੱਚ ਮੌਤ ਹੋਣ ਕਾਰਨ ਉਹ ਬਿਲਕੁਲ ਇਕੱਲੇ ਪੈ ਗਏ। ਇਸ ਤੋਂ ਬਾਅਦ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਨੇ ਸਹਾਰਾ ਦਿੱਤਾ ਤੇ ਉਹ ਊਧਮ ਸਿੰਘ ਦਾ ਘਰ ਬਣ ਗਿਆ।

13 ਅਪ੍ਰੈਲ 1919 ਨੂੰ ਜਦੋਂ ਜਲਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ ਤਾਂ ਬਾਗ ਵਿੱਚੋਂ ਲਾਸ਼ਾਂ ਨੂੰ ਚੁੱਕਣ ਲਈ ਊਧਮ ਸਿੰਘ ਦੀ ਜਥੇਦਾਰੀ ਹੇਠ ਯਤੀਮਖ਼ਾਨੇ ਦੇ ਵਿਦਿਆਰਥੀਆਂ ਦਾ ਇੱਕ ਜਥਾ ਭੇਜਿਆ ਗਿਆ। ਬਾਗ਼ ਵਿੱਚ ਬੇਦੋਸ਼ੇ ਲੋਕਾਂ ਦੀਆਂ ਲਾਸ਼ਾਂ ਦੇ ਲੱਗੇ ਹੋਏ ਢੇਰ ਅਤੇ ਜ਼ਖ਼ਮੀਆਂ ਦੀ ਕੁਰਲਾਹਟ ਨੇ ਊਧਮ ਸਿੰਘ ਦੇ ਮਨ ਉੱਤੇ ਡੂੰਘਾ ਅਸਰ ਪਾਇਆ।
ਉਸੇ ਵਕਤ ਇਸ ਬਹਾਦਰ ਸੂਰਮੇ ਨੇ ਇਸ ਘਟਨਾ ਲਈ ਜ਼ਿੰਮੇਵਾਰ ਅੰਗਰੇਜ਼ ਅਫਸਰ ਸਰ ਮਾਈਕਲ ਉਡਵਾਇਰ ਤੋਂ ਬਦਲਾ ਲੈਣ ਦੀ ਸਹੁੰ ਖਾਧੀ। 30 ਮਈ 1919 ਨੂੰ ਉਡਵਾਇਰ ਇੰਗਲੈਂਡ ਵਾਪਸ ਪਰਤ ਗਿਆ ਅਤੇ ਆਪਣੇ ਮੁਲਕ ਵਿੱਚ ਇਸ ਵਹਿਸ਼ੀਆਨਾ ਕਰਤੂਤ ਨੂੰ ਬਹਾਦਰੀ ਦਾ ਕਾਰਨਾਮਾ ਦੱਸ ਕੇ ਵਡਿਆਈ ਹਾਸਲ ਕਰਨ ਲੱਗਾ।

ਉਡਵਾਇਰ ਦਾ ਪਿੱਛਾ ਕਰਦਾ ਆਖਰਕਾਰ ਊਧਮ ਸਿੰਘ ਵੀ ਲੰਦਨ ਪਹੁੰਚ ਗਿਆ। 20 ਸਾਲ ਊਧਮ ਸਿੰਘ ਨੇ ਦੁਸ਼ਮਣ ਦਾ ਪਿੱਛਾ ਕਰਦਿਆਂ ਕੱਢ ਦਿੱਤੇ। ਆਖਿਰਕਾਰ ਕਿਸਮਤ ਨੇ ਊਧਮ ਸਿੰਘ ਦਾ ਸਾਥ ਦਿੱਤਾ। 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਸੁਸਾਇਟੀ ਵੱਲੋਂ ਸਾਂਝੇ ਤੌਰ ਉੱਤੇ ਇੱਕ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ ਸਰ ਮਾਈਕਲ ਉਡਵਾਇਰ ਸਾਬਕਾ ਲੈਫ਼ਟੀਨੈਂਟ ਗਵਰਨਰ ਪੰਜਾਬ, ਲਾਰਡ ਲਪਿੰਗਟਨ ਗਵਰਨਰ ਮੁੰਬਈ, ਸਰ ਪਰਸੀ ਮਾਈਕ, ਸਰ ਲਾਊਸ ਡੇਨ ਤੇ ਹੋਰ ਕਈ ਉੱਚ ਅਧਿਕਾਰੀ ਮੌਜੂਦ ਸਨ। ਊਧਮ ਸਿੰਘ ਪਹਿਲਾਂ ਹੀ ਤਿਆਰ ਹੋ ਕੇ ਉੱਥੇ ਪੁੱਜ ਚੁੱਕਿਆ ਸੀ।

ਸਰ ਪਰਸੀ ਮਾਈਕ ਤੋਂ ਪਿੱਛੋਂ ਮਾਈਕਲ ਉਡਵਾਇਰ ਨੇ ਆਪਣਾ ਭਾਸ਼ਣ ਦੇਣਾ ਸ਼ੁਰੂ ਕੀਤਾ। ਉਸ ਨੇ ਬੜੇ ਮਾਣ ਨਾਲ ਆਪਣੇ ਭਾਸ਼ਣ ਵਿੱਚ ਭਾਰਤ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਭਾਰਤੀ ਵਾਸੀਆਂ ਲਈ ਬੜੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਜਨਰਲ ਉਡਵਾਇਰ ਅਜੇ ਆਪਣਾ ਭਾਸ਼ਣ ਖ਼ਤਮ ਕਰ ਕੇ ਹਟਿਆ ਹੀ ਸੀ ਕਿ ਊਧਮ ਸਿੰਘ ਵੱਲੋਂ ਚਲਾਈ ਗਈ ਪਹਿਲੀ ਗੋਲੀ ਉਸ ਦੀ ਹਿੱਕ ਵਿੱਚੋਂ ਪਾਰ ਹੋ ਗਈ। ਦੂਜੀ ਅਤੇ ਤੀਜੀ ਗੋਲੀ ਨਾਲ ਊਧਮ ਸਿੰਘ ਨੇ ਉਸ ਨੂੰ ਇੰਗਲੈਂਡ ਦੀ ਧਰਤੀ ਉੱਤੇ ਸਦਾ ਦੀ ਨੀਂਦ ਸੁਆ ਦਿਤਾ।

ਸਾਰੇ ਹਾਲ ਵਿੱਚ ਭਗਦੜ ਮੱਚ ਗਈ ਪਰ ਊਧਮ ਸਿੰਘ ਨਿਡਰਤਾ ਨਾਲ ਆਪਣੀ ਥਾਂ ਉੱਤੇ ਖੜਾ ਰਿਹਾ। ਊਧਮ ਸਿੰਘ ਨੂੰ ਆਪਣੇ ਕੀਤੇ ਉੱਤੇ ਕੋਈ ਪਛਤਾਵਾ ਅਤੇ ਡਰ ਨਹੀਂ ਸੀ। ਯੋਧੇ ਨੂੰ ਗ੍ਰਿਫ਼ਤਾਰ ਕਰ ਕੇ ਬ੍ਰਿਸਟਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਉਸ ਖਿਲਾਫ ਮੁਕੱਦਮਾ ਚਲਾਇਆ ਗਿਆ।
ਊਧਮ ਸਿੰਘ ਨੂੰ 5 ਜੂਨ 1940 ਨੂੰ ਸੈਂਟਰਲ ਕ੍ਰਿਮੀਨਲ ਕੋਰਟ ਓਲਡ ਬੈਲੇ ਤੋਂ ਫਾਂਸੀ ਦੀ ਸਜ਼ਾ ਸੁਣਾਈ ਗਈ। ਸਜ਼ਾ ਪਿੱਛੋਂ ਉਨ੍ਹਾਂ ਨੂੰ ਪੈਟਨਵਿਲੇ ਜੇਲ੍ਹ ਭੇਜ ਦਿੱਤਾ ਗਿਆ। ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਂਦਿਆਂ ਭਾਰਤ ਦੇ ਇਸ ਬਹਾਦਰ ਸਪੂਤ ਨੇ ਪੈਟਨਵਿਲੇ ਜੇਲ੍ਹ ਵਿੱਚ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮ ਲਿਆ।