ਬਿਊਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਸਾਬਕਾ ਪ੍ਰਧਾਨ ਜਗਜੀਸ਼ ਸਿੰਘ ਝੀਂਡਾ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਹਰਿਆਣਾ ਸਰਕਾਰ ਦੇ ਨਾਲ ਕੇਂਦਰ ਨੂੰ 2 ਵੱਡੀਆਂ ਚਿਤਾਵਨੀ ਦਿੱਤੀ ਹੈ । ਝੀਂਡਾ ਨੇ ਕਿਹਾ ਜੇਕਰ ਨਵੀਂ ਕਮੇਟੀ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਗੋਲਕਾਂ ਸਾਂਭਿਆ ਤਾਂ ਇਸ ਨਾਲ ਸੂਬੇ ਵਿੱਚ ਵੱਡਾ ਟਕਰਾਅ ਹੋਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਖੱਟਰ ਸਰਕਾਰ ਦੀ ਹੋਵੇਗੀ । ਸਿਰਫ ਇਨ੍ਹਾਂ ਹੀ ਨਹੀਂ ਝੀਂਡਾ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਤੁਸੀਂ ਸਾਨੂੰ ਵੱਖ ਤੋਂ ਦੇਸ਼ ਮੰਗਣ ਦੇ ਲਈ ਮਜ਼ਬੂਰ ਨਾ ਕਰੋ । ਉਨ੍ਹਾਂ 21 ਦਸੰਬਰ ਨੂੰ ਹੋਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪ੍ਰਧਾਨ ਕਰਮਜੀਤ ਸਿੰਘ ਅਤੇ ਕਮੇਟੀ ਦੇ ਹੋਰ ਮੈਂਬਰ ਬੀਜੇਪੀ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਜਗਦੀਸ਼ ਸਿੰਘ ਝੀਂਡਾ ਨੇ ਦੇਸ਼ ਦੀਆਂ ਹੋਰ ਸਿੱਖ ਸੰਸਥਾਵਾਂ,ਪ੍ਰਬੰਧਕ ਕਮੇਟੀਆਂ ਤੋਂ ਮਦਦ ਮੰਗੀ ਅਤੇ ਮੋਦੀ ਸਰਕਾਰ ਨੂੰ ਵੀ ਵੱਡੀ ਚਿਤਾਵਨੀ ਦਿੱਤੀ ਹੈ । ਝੀਂਡਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਏ ਗਏ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰਦੇ ਹੋਏ SGPC ਅਤੇ ਅਕਾਲੀ ਦਲ ਨੂੰ ਘੇਰਿਆ ।
ਕੇਂਦਰ ਸਰਕਾਰ ਨੂੰ ਚਿਤਾਵਨੀ
ਜਗਦੀਸ਼ ਸਿੰਘ ਝੀਂਡਾ ਨੇ ਮੋਦੀ ਸਰਕਾਰ ਖਿਲਾਫ਼ ਵੱਡਾ ਬਿਆਨ ਦਿੰਦੇ ਹੋਏ ਕਿਹਾ ਕੀ ਜੇਕਰ ਗ੍ਰਹਿ ਮੰਤਰੀ ਅਤੇ ਕੇਂਦਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਸਿੱਖਾਂ ਨੂੰ ਆਪਣਾ ਵੱਖ ਤੋਂ ਦੇਸ਼ ਬਣਾਉਣਾ ਹੋਵੇਗਾ ਜਿਸ ਦਾ ਖਾਮਿਯਾਜ਼ਾ ਸਰਕਾਰ ਨੂੰ ਭੁਗਤਨਾ ਪਵੇਗਾ । ਝੀਂਡਾ ਨੇ ਕਿਹਾ ਹਿੰਦੂ ਅਤੇ ਸਿੱਖ ਭਾਈਚਾਰਾ ਸੱਦਿਆਂ ਤੋਂ ਨਾਲ ਹੈ ਪਰ ਸਰਕਾਰ ਦੋਵਾਂ ਨੂੰ ਵੱਖ ਕਰਨਾ ਚਾਉਂਦੀ ਹੈ । ਝੀਂਡਾ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਪੁਰਾਣੀ 41 ਮੈਂਬਰੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, SGPC,ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਤੇ ਹੇਮਕੁੰਡ ਸਾਹਿਬ ਦੀਆਂ ਕਮੇਟੀਆਂ ਸਮੇਤ ਜਥੇਦਾਰ ਨੂੰ ਪੱਤਰ ਲਿਖ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ ।
ਬੰਦੀ ਸਿੰਘਾਂ ਦੀ ਰਿਹਾਈ ‘ਤੇ ਅਕਾਲੀ ਦਲ ਨੂੰ ਘੇਰਿਆ
HSGPC ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀ ਹਮਾਇਤ ਕਰਦੇ ਹੋਏ SGPC ਅਤੇ ਅਕਾਲੀ ਦਲ ਨੂੰ ਘੇਰਿਆ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਕੌਮੀ ਇਨਸਾਫ ਮੋਰਚੇ ਵਿੱਚ ਇਸ ਲਈ ਕੀਤਾ ਕਿਉਂਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਨ੍ਹਾਂ ਨੇ ਨਹੀਂ ਚੁੱਕਿਆ ਸੀ । ਝੀਂਡਾ ਨੇ ਕਿਹਾ ਅਕਾਲੀ ਦਲ ਦਾ ਵੀ ਪੰਜਾਬ ਵਿੱਚ ਇਸ ਲਈ ਬੁਰਾ ਹਾਲ ਹੈ ਕਿਉਂਕਿ ਉਨ੍ਹਾਂ ਨੇ ਸਿੱਖਾਂ ਦੀ ਆਵਾਜ਼ ਨਹੀਂ ਚੁੱਕੀ । ਸਾਬਕਾ ਪ੍ਰਧਾਨ ਨੇ ਬਲਜੀਤ ਸਿੰਘ ਦਾਦੂਵਾਲ ‘ਤੇ ਵੀ ਸਵਾਲ ਚੁੱਕ ਦੇ ਹੋਏ ਕਿਹਾ ਕੌਮੀ ਇਨਸਾਫ ਮੋਰਚੇ ਵਿੱਚ ਉਨ੍ਹਾਂ ਦਾ ਵੀ ਵਿਰੋਧ ਇਸੇ ਲਈ ਹੋਇਆ ਸੀ ਕਿਉਂਕਿ ਉਹ ਬੀਜੇਪੀ ਦੇ ਇਸ਼ਾਰੇ ਕੰਮ ਕਰ ਰਹੇ ਸਨ ।