India

ਕਮੇਟੀ ਦੇ ਸਕੂਲ ‘ਚ ਸਿੱਖ ਵਿਦਿਆਰਥੀਆਂ ਕੋਲੋ ਕਰਵਾਈ ਗਈ ਬੁੱਤ ਪੂਜਾ !

ਬਿਊਰੋ ਰਿਪੋਰਟ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਅਧੀਨ ਆਉਂਦੇ ਸਕੂਲ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਘਿਰ ਰਹੇ ਹਨ। ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਵਿੱਚ ਬੱਚਿਆਂ ਕੋਲੋ ਬੁੱਤ ਪੂਜਾ ਕਰਵਾਈ ਗਈ । ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੱਖਣੀ ਦਿੱਲੀ ਵਿੱਚ ਸਥਿਤ ਵਸੰਤ ਵਿਹਾਰ ਦੇ ਸ੍ਰੀ ਹਰਕਿਸ਼ਨ ਸਕੂਲ ਵਿੱਚ ਹੋਇਆ। ਬੱਚਿਆਂ ਕੋਲੋ ਸਰਸਵਤੀ ਪੂਜਨ ਕਰਵਾਇਆ ਗਿਆ । ਇਸ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਖ ਬੁੱਧੀਜੀਵੀਆਂ ਦੇ ਨਾਲ ਸਾਬਕਾ ਪ੍ਰਧਾਨਾਂ ਨੇ ਵੀ ਸਵਾਲ ਚੁੱਕੇ ਹਨ ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦਾ ਕਹਿਣਾ ਹੈ ਕੀ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿੱਚ ਮੂਰਤੀ ਪੂਜਨ ਦੀ ਕੋਈ ਪਰੰਪਰਾ ਨਹੀਂ ਹੈ । ਸਕੂਲ ਵਿੱਚ ਹਰ ਧਰਮ ਦੇ ਵਿਦਿਆਰਥੀ ਪੜ੍ਹਦੇ ਹਨ । ਪਰ ਸਕੂਲ ਸੰਗਤ ਦੇ ਪੈਸੇ ਨਾਲ ਚਲਾਇਆ ਜਾਂਦਾ ਹੈ । ਸੰਗਤ ਤੋਂ ਮਿਲਣ ਵਾਲੀ ਸੇਵਾ ਸਿੱਖ ਧਰਮ ਅਤੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ‘ਤੇ ਖਰਚ ਹੋਣੀ ਚਾਹੀਦੀ ਹੈ । ਉਧਰ ਸਾਬਕਾ ਪ੍ਰਧਾਨ ਮਨਜੀਤ ਸਿਘ ਜੀਕੇ ਨੇ ਵੀ ਇਲਜ਼ਾਮ ਲਗਾਇਆ ਕੀ DSGMC ਮਰਿਆਦਾ ਦਾ ਪਾਲਨ ਕਰਵਾਉਣ ਵਿੱਚ ਅਸਫਲ ਰਹੀ ਹੈ । ਇਸ ਤੋਂ ਪਹਿਲਾਂ ਵੀ ਦਿੱਲੀ ਕਮੇਟੀ ਸਕੂਲਾਂ ਨੂੰ ਲੈਕੇ ਕਈ ਵਿਵਾਦਾਂ ਵਿੱਚ ਫਸ ਚੁੱਕੀ ਹੈ ।

ਵਿਰੋਧੀਆਂ ਦਾ ਇਲਜ਼ਾਮ ਹੈ ਕੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦਾ ਰੁਤਬਾ ਇੰਨਾਂ ਉੱਚਾ ਸੀ ਕੀ ਹਰ ਇੱਕ ਮਾਪੇ ਆਪਣੇ ਬੱਚਿਆਂ ਨੂੰ ਸ੍ਰੀ ਹਰਕਿਸ਼ਨ ਸਕੂਲ ਵਿੱਚ ਦਾਖਲ ਕਰਵਾਉਣਾ ਚਾਉਂਦੇ ਸਨ। ਪਰ ਹੁਣ ਕਮੇਟੀ ਦੇ ਸਕੂਲਾਂ ਦਾ ਬੁਰਾ ਹਾਲ ਹੋ ਗਿਆ ਹੈ। ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲ ਦੀ ਹੈ ਕਿਉਂਕਿ ਮਾਪਿਆਂ ਨੇ ਚੰਗੀ ਪੜਾਈ ਨਾ ਹੋਣ ਦੀ ਵਜ੍ਹਾ ਕਰਕੇ ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਹੈ । ਮੌਜੂਦਾ ਕਮੇਟੀ ਪ੍ਰਕਾਸ਼ ਦਿਹਾੜਿਆਂ ‘ਤੇ ਲੋਕਾਂ ਨੂੰ ਤਰਲੇ ਕਰ ਰਹੀ ਹੈ ਕੀ ਉਹ ਆਪਣੇ ਬੱਚਿਆਂ ਨੂੰ ਦਿੱਲੀ ਕਮੇਟੀ ਅਧੀਨ ਸਕੂਲਾਂ ਵਿੱਚ ਪਾਉਣ।