Punjab

ਕਿੰਨਾ ਚਿਰ ਗ੍ਰਿਫ਼ਤਾਰੀ ਤੋਂ ਬਚਣਗੇ ਸੈਣੀ, ਹਾਈਕੋਰਟ ਵੱਲੋਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਨਾਂਹ

‘ਦ ਖ਼ਾਲਸ ਬਿਊਰੋ:- ਅੱਜ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਜੱਜ ਸੁਵੀਰ ਸਹਿਗਲ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਹੈ। ਹੁਣ ਇਹ ਫ਼ਾਈਲ ਕਿਸੇ ਹੋਰ ਬੈਂਚ ਕੋਲ ਭੇਜੇ ਜਾਣ ਲਈ ਹਾਈਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਦੇ ਸਨਮੁਖ ਰੱਖੀ ਜਾਵੇਗੀ। ਸੁਣਵਾਈ ਤੋਂ ਨਾਂਹ ਦਾ ਮਤਲਬ ਹੈ ਕਿ ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਜ਼ਮਾਨਤ ਨਹੀਂ ਮਿਲੇਗੀ ਅਤੇ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਹੋ ਕੇ ਹੀ ਰਹੇਗੀ।

ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਕਿਹਾ ਕਿ ਸੈਣੀ ਦੇ ਖਿਲਾਫ਼ ਬਹੁਤ ਸਾਰੇ ਸਬੂਤ ਇਕੱਠੇ ਹੋ ਚੁੱਕੇ ਹਨ ਅਤੇ ਜੇ SIT ਲਈ ਮੁਮਕਿਨ ਹੋਇਆ ਤਾਂ ਉਹ ਸੈਣੀ ਨੂੰ ਇਨ੍ਹਾਂ ਦੋ ਦਿਨਾਂ ‘ਚ ਗ੍ਰਿਫਤਾਰ ਕਰ ਸਕਦੀ ਹੈ। ਸੈਣੀ ਨੇ ਕੁੱਝ ਦਿਨ ਪਹਿਲਾਂ ਆਪਣੇ ਵਕੀਲ ਰਾਹੀਂ ਉੱਚ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਧਾਰਾ 302 ਵਿੱਚ ਅਗਾਊਂ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ।