ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਵੱਲੋਂ “ਟਰਾਂਪੋਰਟ ਮਾਫੀਆ” ਸ਼ਬਦ ਵਰਤੇ ਜਾਣ ‘ਤੇ ਐਲਾਨ ਕੀਤਾ ਹੈ ਕਿ ਸਰਕਾਰ ਨੂੰ ਲੀਗਲ ਨੋਟਿਸ ਭੇਜਿਆ ਜਾਵੇਗਾ ਤੇ ਇਹ ਕਾਰਵਾਈ ਹਰ ਉਸ ਸ਼ਖਸ ਦੇ ਖ਼ਿਲਾਫ ਹੋਵੇਗੀ,ਜੋ ਟਰਾਂਸਪੋਰਟਰਾਂ ਲਈ ਇਹ ਸ਼ਬਦ ਵਰਤੇਗਾ। ਪ੍ਰਾਈਵੇਟ ਬੱਸਾਂ ਵਾਲੇ ਕੋਈ ਮਾਫੀਆ ਨਹੀਂ ਹਨ।
ਇਸ ਗੱਲ ਬਾਦਲ ਨੇ ਪੱਤਰਕਾਰਾਂ ਅੱਗੇ ਉਦੋਂ ਰੱਖੀ,ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ 102ਵੇਂ ਸਥਾਪਨਾ ਦਿਵਸ ‘ਤੇ ਰੱਖੇ ਗਏ ਅਖੰਡ ਪਾਠ ਸਾਹਿਬ ਵਿੱਚ ਸ਼ਿਰਕਤ ਕਰ ਰਹੇ ਸਨ।ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਟਰਾਂਸਪੋਰਟ ਕੰਪਨੀ 1947 ਦੀ ਹੈ,ਜਿਸ ਨੂੰ ਅੱਜ ਤੱਕ ਰੋਕਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ ਪਰ ਹਾਈ ਕੋਰਟ ਨੇ ਉਹਨਾਂ ਨੂੰ ਸਟੇਅ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਬਾਦਲ ਨੇ ਮਾਨ ਸਰਕਾਰ ‘ਤੇ ਵਰਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਗੈਂਗਸਟਰਾਂ ਦੀ ਹਕੂਮਤ ਹੈ ਤੇ ਉਹੀ ਸਰਕਾਰ ਚਲਾ ਰਹੇ ਹਨ। ਮਾਨ ਸਰਕਾਰ ਨੇ ਝੂਠ ਬੋਲ ਕੇ ਬਦਲਾਅ ਦੇ ਵਾਅਦੇ ਕੀਤੇ ਪਰ 8 ਮਹੀਨਿਆਂ ‘ਚ ਪੰਜਾਬ ਨੂੰ ਡੋਬ ਦਿੱਤਾ ਹੈ। ਪੰਜਾਬ ਵਿੱਚ ਗੈਂਗਸਟਰਾਂ ਨੇ ਫਿਰੌਤੀਆਂ ਮੰਗ ਕੇ ਇੰਡਸਟਰੀ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ ਹੈ।
ਇਹ ਸਰਕਾਰ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਨਾਕਾਮਯਾਬ ਰਹੀ ਹੈ ਚਾਹੇ ਚੰਡੀਗੜ੍ਹ ਐਸਐਸਪੀ ਦਾ ਮਾਮਲਾ ਹੋਵੇ ਜਾਂ ਬੀਬੀਐਮਬੀ ਵਿੱਚ ਪੰਜਾਬ ਦੇ ਪ੍ਰਤੀਨਿਧਵ ਦਾ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦਾਦੂਵਾਲ ਨੂੰ ਪੰਥ ਦਾ ਸਭ ਤੋਂ ਵੱਡਾ ਗਦਾਰ ਦੱਸਦਿਆਂ ਉਹਨਾਂ ਦਾਅਵਾ ਕੀਤਾ ਹੈ ਕਿ ਦਾਦੂਵਾਲ ਆਰਐਸਐਸ ਤੇ ਭਾਜਪਾ ਦਾ ਬੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਧਾਰਮਿਕ ਮਸਲਿਆਂ ਵਿੱਚ ਦਖਲ ਦੇਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਥ ਦੀ ਲੜਾਈ ਲੜਨ ਵਾਸਤੇ,ਪੰਥ ਦੀ ਲੜਾਈ ਲੜਨ ਵਾਸਤੇ ਤੇ ਗੁਰੂ ਘਰਾਂ ਦੀ ਸੇਵਾ ਕਰਨ ਲਈ 102 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ।ਇਹਨਾਂ ਸਾਲਾਂ ਵਿੱਚ ਆਜ਼ਾਦੀ ਦੀ ਲੜਾਈ ਲੜੀ ਹੈ ਤੇ ਆਜ਼ਾਦੀ ਤੋਂ ਬਾਅਦ ਵੀ ਪੰਥ ਦੇ ਹਿਤਾਂ ਦੀ ਰਾਖੀ ਕੀਤੀ ਹੈ ।
ਬਾਦਲ ਦਾ ਦਾਅਵਾ ਹੈ ਕਿ ਸੂਬੇ ਵਿੱਚ ਹੁਣ ਤੱਕ ਹੋਈ ਹਰ ਤਰਾਂ ਦੀ ਤਰੱਕੀ ਵਿੱਚ 99% ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦਾ ਹੈ। ਕੇਂਦਰ ਸਰਕਾਰ ਵਲੋਂ ਕੀਤੇ ਗਏ ਧੱਕਿਆਂ ਦੇ ਖਿਲਾਫ ਵੀ ਅਕਾਲੀ ਦਲ ਨੇ ਲੜਾਈ ਲੜੀ ਹੈ। ਇਥੋਂ ਤੱਕ ਕਿ ਐਮਰਜੈਂਸੀ ਵੇਲੇ ਗ੍ਰਿਫਤਾਰ ਕੀਤੇ ਗਏ 90,000 ਲੋਕਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ 60,000 ਵਰਕਰ ਸਨ।
ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਤੇ ਇਹ ਦਰਜਾ ਕਿਸੇ ਹੋਰ ਪਾਰਟੀ ਨੂੰ ਹਾਸਲ ਨਹੀਂ ਹੈ।ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਦੀ ਪਾਰਲੀਮੈਂਟ ਦੱਸਦਿਆਂ ਉਹਨਾਂ ਸਾਰਿਆਂ ਨੂੰ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਦੀ ਪਛਾਣ ਕਰਨ ਦੀ ਵੀ ਅਪੀਲ ਕੀਤੀ।