India Sports

ਰਿਟਾਇਰਮੈਂਟ ਤੋਂ ਬਾਅਦ ਪੀ.ਆਰ ਸ਼੍ਰੀਜੇਸ਼ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਹਾਕੀ ਇੰਡੀਆ ਨੇ ਕੀਤਾ ਵੱਡਾ ਐਲਾਨ

ਬਿਉਰੋ ਰਿਪੋਰਟ: ਭਾਰਤੀ ਹਾਕੀ ਟੀਮ ਦੀ ਕੰਧ (The Great Wall Of India) ਵਜੋਂ ਜਾਣੇ ਜਾਂਦੇ ਗੋਲਕੀਪਰ ਪੀਆਰ ਸ੍ਰੀਜੇਸ਼ (PR Sreejesh) ਨੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਵੀਰਵਾਰ ਨੂੰ ਸੰਨਿਆਸ ਲੈ ਲਿਆ। ਹਾਲਾਂਕਿ ਉਹ ਫਿਰ ਵੀ ਟੀਮ ਨਾਲ ਜੁੜਿਆ ਰਹੇਗਾ। ਹਾਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਇਸ ਅਨੁਭਵੀ ਖਿਡਾਰੀ ਨੂੰ ਜੂਨੀਅਰ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ। ਉਹ ਹੁਣ ਨੌਜਵਾਨ ਟੀਮ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰੇਗਾ।

ਸੰਨਿਆਸ ਦੇ ਫੈਸਲੇ ’ਤੇ ਸ਼੍ਰੀਜੇਸ਼ ਨੇ ਕੀ ਕਿਹਾ?

ਸ਼ੁੱਕਰਵਾਰ ਨੂੰ ਸ਼੍ਰੀਜੇਸ਼ ਦੇ ਸੰਨਿਆਸ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਵਾਪਸੀ ਦੀ ਮੰਗ ਕਰ ਰਹੇ ਸਨ। ਇਸ ਬਾਰੇ ਉਸ ਨੇ ਕਿਹਾ, “ਇਹ ਵਿਦਾਇਗੀ ਦਾ ਸਹੀ ਸਮਾਂ ਹੈ। ਮੈਨੂੰ ਲੱਗਦਾ ਹੈ ਕਿ ਓਲੰਪਿਕ ਖੇਡਾਂ ਨੂੰ ਤਗਮੇ ਨਾਲ ਅਲਵਿਦਾ ਕਹਿਣ ਦਾ ਇਹ ਸਹੀ ਤਰੀਕਾ ਹੈ। ਅਸੀਂ ਖ਼ਾਲੀ ਹੱਥ ਘਰ ਨਹੀਂ ਜਾ ਰਹੇ ਹਾਂ, ਜੋ ਕਿ ਵੱਡੀ ਗੱਲ ਹੈ। ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ ਪਰ ਕੁਝ ਫੈਸਲੇ ਕਠਿਨ ਹੁੰਦੇ ਹਨ। ਸਹੀ ਸਮੇਂ ’ਤੇ ਫੈਸਲੇ ਲੈਣ ਨਾਲ ਹਾਲਾਤ ਸੁੰਦਰ ਬਣ ਜਾਂਦੇ ਹਨ। ਇਸ ਲਈ ਮੇਰਾ ਫੈਸਲਾ ਨਹੀਂ ਬਦਲੇਗਾ। ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਮੈਚ ਨੂੰ ਯਾਦਗਾਰ ਬਣਾ ਦਿੱਤਾ ਹੈ। ਟੋਕੀਓ ’ਚ ਜਿੱਤਿਆ ਮੈਡਲ ਮੇਰੇ ਦਿਲ ’ਚ ਖ਼ਾਸ ਜਗ੍ਹਾ ਰੱਖਦਾ ਹੈ। ਇਸ ਨਾਲ ਸਾਨੂੰ ਭਰੋਸਾ ਮਿਲਿਆ ਕਿ ਅਸੀਂ ਓਲੰਪਿਕ ’ਚ ਤਮਗਾ ਜਿੱਤ ਸਕਦੇ ਹਾਂ।”

Image

ਭਾਰਤ ਨੇ ਸਪੇਨ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ

ਭਾਰਤ ਨੇ ਵੀਰਵਾਰ ਨੂੰ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਇਸ ਦੇ ਨਾਲ ਹੀ ਸ਼੍ਰੀਜੇਸ਼ ਨੇ ਹਾਕੀ ਨੂੰ ਅਲਵਿਦਾ ਕਹਿ ਦਿੱਤਾ। ਸ਼੍ਰੀਜੇਸ਼ ਲੰਬੇ ਸਮੇਂ ਤੋਂ ਭਾਰਤੀ ਹਾਕੀ ਟੀਮ ਦਾ ਅਹਿਮ ਮੈਂਬਰ ਰਿਹਾ ਹੈ। ਸ਼੍ਰੀਜੇਸ਼ ਨੇ ਪੈਰਿਸ ਓਲੰਪਿਕ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਿਰੋਧੀ ਟੀਮ ਦੇ ਸਾਹਮਣੇ ਕੰਧ ਬਣ ਕੇ ਖੜ੍ਹ ਗਏ। ਸਪੇਨ ਦੇ ਖਿਲਾਫ ਕਾਂਸੀ ਦੇ ਤਗਮੇ ਦੇ ਮੁਕਾਬਲੇ ’ਚ ਵੀ ਸ਼੍ਰੀਜੇਸ਼ ਨੇ ਆਖਰੀ ਕੁਆਰਟਰ ’ਚ ਸ਼ਾਨਦਾਰ ਬਚਾਅ ਕਰਦੇ ਹੋਏ ਉਨ੍ਹਾਂ ਨੂੰ ਬੜ੍ਹਤ ਲੈਣ ਤੋਂ ਰੋਕਿਆ। ਇਸ ਤਰ੍ਹਾਂ ਟੀਮ ਨੇ ਸ਼੍ਰੀਜੇਸ਼ ਨੂੰ ਜਿੱਤ ਦੇ ਨਾਲ ਅਲਵਿਦਾ ਕਹਿ ਦਿੱਤੀ।

Image