ਚੰਡੀਗੜ੍ਹ : ਊਧਮ ਸਿੰਘ ਨੇ ਲੰਡਨ ਜਾ ਕੇ ਜੱਲਿਆਂਵਾਲਾ ਬਾਗ਼ ਦੇ ਸਾਕੇ ਦੇ ਮੁੱਖ ਦੋਸ਼ੀ ਜਨਰਲ ਉਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਸਦਾ ਦੀ ਨੀਂਦ ਸੁਆ ਦਿੱਤਾ ਸੀ। ਪਰ ਇਸਦੇ ਨਾਲ ਹੀ ਬਹੁਤੇ ਲੋਕ ਸ਼ਾਇਦ ਨਹੀਂ ਜਾਣਦੇ ਹੋਣਗੇ ਕਿ ਊਧਮ ਸਿੰਘ ਫਿਲਮਾਂ ਵਿੱਚ ਵੀ ਕੰਮ ਕਰਦੇ ਸਨ। ਜੀ ਹਾਂ ਕਈ ਲੇਖਕਾਂ ਅਤੇ ਇਤਿਹਾਸਕਾਰਾਂ ਦੇ ਮੁਤਾਬਕ ਊਧਮ ਸਿੰਘ ਨੇ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਹ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਦੇ ਪ੍ਰੋਫੈਸਰ, ਡਾ. ਨਵਤੇਜ ਸਿੰਘ ਨੇ ਆਪਣੀ ਕਿਤਾਬ ‘ਸ਼ਹੀਦ ਊਧਮ ਸਿੰਘ ਦੀ ਜੀਵਨ ਗਾਥਾ’ ਵਿੱਚ ਦਰਜ ਕੀਤੀ ਹੈ।
ਬੀਬੀਸੀ ‘ਚ ਛਪੀ ਇੱਕ ਖ਼ਬਰ ਦੇ ਮੁਤਾਬਕ ਡਾ. ਨਵਤੇਜ ਅਨੁਸਾਰ 1934 ਵਿੱਚ ਕਿਸੇ ਵੇਲੇ ਊਧਮ ਸਿੰਘ ਬ੍ਰਿਟੇਨ ਪਹੁੰਚ ਗਏ ਸਨ। ਉਹ ਅੱਗੇ ਦੱਸਦੇ ਹਨ, “ਊਧਮ ਸਿੰਘ ਪਹਿਲਾਂ ਇਟਲੀ ਪਹੁੰਚੇ ਜਿੱਥੇ ਉਹ 3-4 ਮਹੀਨੇ ਰਹੇ। ਫਿਰ ਫਰਾਂਸ, ਸਵਿਟਜ਼ਰਲੈਂਡ ਤੇ ਆਸਟ੍ਰੀਆ ਹੁੰਦੇ ਹੋਏ ਉਹ 1934 ਦੇ ਆਖੀਰ ਵਿੱਚ ਇੰਗਲੈਂਡ ਪਹੁੰਚੇ।”
“1936 ਤੋਂ 1937 ਦੇ ਵਿਚਾਲੇ ਊਧਮ ਸਿੰਘ ਨੇ ਰੂਸ, ਪੋਲੈਂਡ, ਲਤਵੀਆ ਤੇ ਇਸਟੋਨੀਆ ਘੁੰਮਿਆ ਤੇ 1937 ਵਿੱਚ ਇੰਗਲੈਂਡ ਵਾਪਸ ਆ ਗਏ।”
ਊਧਮ ਸਿੰਘ ਉੱਤੇ 4 ਕਿਤਾਬਾਂ ਤੇ ਇੱਕ ਨਾਟਕ ਲਿਖ ਚੁੱਕੇ ਰਾਕੇਸ਼ ਕੁਮਾਰ ਅਨੁਸਾਰ ਊਧਮ ਸਿੰਘ ਨੇ ਆਪਣੇ ਜੀਵਨ ਵਿੱਚ ਕਰੀਬ 18 ਦੇਸਾਂ ਦੀ ਯਾਤਰਾ ਕੀਤੀ ਹੈ। ਉਨ੍ਹਾਂ ਮੁਤਾਬਕ ਊਧਮ ਸਿੰਘ ਨੇ ਉਨ੍ਹਾਂ ਦੇਸਾਂ ਦੀ ਯਾਤਰਾ ਖ਼ਾਸਕਰ ਕੀਤੀ ਹੈ ਜਿੱਥੇ ਗ਼ਦਰ ਪਾਰਟੀ ਨਾਲ ਜੁੜੇ ਲੋਕ ਵੱਸਦੇ ਸੀ।
ਬੀਤੇ ਕੁਝ ਸਾਲਾਂ ਵਿੱਚ ਕਈ ਫ਼ਿਲਮਾਂ ਦੇ ਕਲਿੱਪ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਆਏ। ਇਨ੍ਹਾਂ ਵੀਡੀਓਜ਼ ਬਾਰੇ ਇਹ ਇਹ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਫ਼ਿਲਮਾਂ ਵਿੱਚ ਊਧਮ ਸਿੰਘ ਨੇ ਕੰਮ ਕੀਤਾ ਹੈ। ‘ਦਿ ਡਰੰਮ’ ਫ਼ਿਲਮ ਦਾ ਸੀਨ ਜਿਸ ਵਿੱਚ ਊਧਮ ਸਿੰਘ ਦੇ ਨਜ਼ਰ ਆਉਣ ਦੀ ਪੁਸ਼ਟੀ ਹੋਈ।
ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਵਾਸੀਆਂ ਨੂੰ ਇੱਕ ਲੰਮਾ ਸੰਘਰਸ਼ ਕਰਨਾ ਪਿਆ ਹੈ। ਇਸ ਲੰਮੇ ਅਤੇ ਕੁਰਬਾਨੀਆਂ ਭਰੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਨੇ ਪਾਇਆ। ਜਿਨ੍ਹਾਂ ਸ਼ਹੀਦਾਂ ਦੇ ਯਤਨਾਂ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ । ਅਜਿਹੇ ਯੋਧਿਆਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਮ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਹੀਦ ਏ ਆਜ਼ਮ ਊਧਮ ਸਿੰਘ ਇੱਕ ਅਜਿਹੇ ਕ੍ਰਾਂਤੀਕਾਰੀ ਨੌਜਵਾਨ ਸਨ, ਜਿਨ੍ਹਾਂ ਨੇ ਜੱਲਿਆਂਵਾਲਾ ਬਾਗ਼ ਦੇ ਸਾਕੇ ਦਾ ਬਦਲਾ ਲੈਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ।