ਬਿਊਰੋ ਰਿਪੋਰਟ : HDFC ਵਿੱਚ ਇੱਕ ਮੁਲਾਜ਼ਮ ਦੀ ਗਲਤੀ ਪੂਰੀ ਬਰਾਂਚ ‘ਤੇ ਭਾਰੀ ਪੈ ਗਈ ਹੈ । ਪੰਚਕੂਲਾ ਬਰਾਂਚ ਵੱਲੋਂ 23 ਸਾਲ ਦੇ ਨੌਜਵਾਨ ਦੇ ਖਾਤੇ ਵਿੱਚ 21 ਲੱਖ ਗਲਤੀ ਨਾਲ ਟਰਾਂਸਫਰ ਹੋ ਗਏ । ਨੌਜਵਾਨ ਨੇ ਮਿੰਟ ਨਹੀਂ ਲਾਇਆ ਅਤੇ ਸਾਰੇ ਪੈਸੇ ਖਰਚ ਕਰ ਲਏ । HDFC ਦੀ ਮਨਸਾ ਦੇਵੀ ਕੰਪਲੈਕਸ ਵਾਲੀ ਬਰਾਂਚ ਵਿੱਚ ਹੀ ਨੌਜਵਾਨ ਦਾ ਖਾਤਾ ਸੀ,ਪਰ ਇਸ ਵੇਲੇ ਉਹ ਯੂਕੇ ਰਹਿੰਦਾ ਹੈ,ਬੈਂਕ ਨੇ ਉਸ ਦੇ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਟਰੇਸ ਨਹੀਂ ਹੋ ਰਿਹਾ ਹੈ। ਬੈਂਕ ਨੇ ਪਿਤਾ ਦੇ ਨਾਲ ਵੀ ਸੰਪਰਕ ਕੀਤਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੁੱਤਰ ਨੂੰ ਪਹਿਲਾਂ ਹੀ ਘਰ ਤੋਂ ਬੇਦਖਲ ਕਰ ਦਿੱਤਾ ਸੀ ਸਾਡਾ ਕੋਈ ਸੰਪਰਕ ਨਹੀਂ ਹੈ । ਬੈਂਕ ਦਾ ਕਹਿਣਾ ਹੈ ਕਿ ਚੰਡੀਗੜ੍ਹ ਪਾਸਪੋਰਟ ਦਫਤਰ ਦੇ ਜ਼ਰੀਏ ਨੌਜਵਾਨ ਦੀ ਵੀਜ਼ਾ ਡਿਟੇਲ ਹਾਸਲ ਕੀਤੀ ਹੈ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਨੌਜਵਾਨ ਨਾਲ ਬੈਂਕ ਦਾ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ । ਨੌਜਵਾਨ ਦੇ ਪਿਤਾ ਹਿਮਾਚਲ ਵਿੱਚ MDC ਵਿੱਚ ਇੰਜੀਨੀਅਰ ਹਨ ਪਰ ਉਹ ਵੀ ਵਾਰ-ਵਾਰ ਆਪਣਾ ਬਿਆਨ ਬਦਲ ਰਹੇ ਹਨ ।
ਪਿਤਾ ਬਦਲ ਰਹੇ ਹਨ ਬਿਆਨ
ਪਹਿਲਾਂ ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੁੱਤਰ ਨੂੰ ਬੇਦਖਲ ਕਰ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਪੁੱਤਰ ਨੇ ਸਾਰੇ ਪੈਸੇ ਖਰਚ ਕਰ ਲਏ ਹਨ । ਪਿਤਾ ਨੇ ਹੀ HDFC ਬੈਂਕ ਵਿੱਚ ਐਕਾਉਂਟ ਖੋਲਣ ਦੇ ਲਈ ਪੁੱਤਰ ਦੀ ਗਰੰਟੀ ਦਿੱਤੀ ਸੀ ਇਸ ਲਿਹਾਜ਼ ਦੇ ਨਾਲ ਪਿਤਾ ਖਿਲਾਫ ਵੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਇਸ ਪੂਰੇ ਮਾਮਲੇ ਵਿੱਚ ਬੈਂਕ ਦੇ ਰੋਲ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹੈ ਕਿ ਆਖਿਰ 21 ਲੱਖ ਕਿਵੇਂ ਗਲਤ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਸਕਦੇ ਹਨ । ਮੁਲਾਜ਼ਮ ਇਸ ਨੂੰ ਕਿਵੇਂ ਤਕਨੀਕੀ ਖਰਾਬੀ ਦੱਸ ਸਕਦਾ ਹੈ। HDFC ਬੈਂਕ ਦੀ ਲੀਗਲ ਟੀਮ ਦੇ ਮੈਂਬਰ ਕਬੀਰ ਚੌਪੜਾ ਨੇ ਕਿਹਾ ਕਿ ਅਸੀਂ ਪੰਚਕੂਲਾ ਪੁਲਿਸ ਨੂੰ ਇਸ ਕੇਸ ਬਾਰੇ ਪੂਰੀ ਜਾਣਕਾਰੀ ਦੇ ਚੁੱਕੇ ਹਾਂ ਕਿ ਕਿਵੇਂ ਤਕਰਨੀਕੀ ਖਰਾਬੀ ਦੀ ਵਜ੍ਹਾ ਕਰਕੇ ਪੈਸੇ ਟਰਾਂਸਫਰ ਕੀਤੇ ਗਏ ਹਨ ।ਪੁਲਿਸ ਨੇ ਕਿਹਾ ਉਹ ਜਲਦ ਦੀ ਇਸ ਮਾਮਲੇ ਵਿੱਚ FIR ਦਰਜ ਕਰਨਗੇ।