Punjab

ਕਲਾਸਾਂ ਛੱਡ ਰੋਸ ਪ੍ਰਦਰਸ਼ਨ ਕਰਨ ਉੱਤਰੇ ਵਿਦਿਆਰਥੀ,ਰੱਖ ਦਿੱਤੀਆਂ ਆਹ ਮੰਗਾਂ

ਚੰਡੀਗੜ੍ਹ : ਅੱਜ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ‘ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਰੋਸ ਮੁਜਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੌਰਾਨ ਕਲਾਸਾਂ,ਅਧਿਆਪਨ ਅਤੇ ਵਿਭਾਗੀ ਕੰਮਾਂ ਦਾ ਪੂਰਨ ਤੌਰ ‘ਤੇ ਬਾਈਕਾਟ ਕੀਤਾ ਗਿਆ ਤੇ ਗੇਟ ਰੈਲੀਆਂ ਤੇ ਰੋਸ ਪ੍ਰਦਰਸ਼ਨ ਕੀਤੇ ਗਏ।

ਰੋਸ ਮੁਜ਼ਾਹਰੇ ਦੌਰਾਨ ਇਹ ਮੰਗਾਂ ਮੁੱਖ ਤੌਰ ‘ਤੇ ਰਖੀਆਂ ਗਈਆਂ ਕਿ ਪੰਜਾਬੀ ਯੂਨੀਵਰਸਿਟੀ ਸਮੇਤ ਸਾਰੀ ਉੱਚ ਸਿੱਖਿਆ ਦਾ ਪ੍ਰਬੰਧ ਸਰਕਾਰ ਆਪ ਚੁੱਕੇ ਤੇ ਇਸ ਸੰਬੰਧ ਵਿੱਚ ਠੋਸ ਨੀਤੀ ਅਪਨਾਵੇ।ਇਸ ਤੋਂ ਇਲਾਵਾ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਵੇ।

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਬੁਲਾਰੇ ਨੇ ਕਿਹਾ ਕਿ ਇਹ ਮਸਲਾ ਸਿਰਫ਼ ਇੱਕ ਯੂਨੀਵਰਸਿਟੀ ਦਾ ਨਹੀਂ ਹੈ।  ਉੱਚ ਸਿੱਖਿਆ ਲਈ ਨੀਤੀ ਬਣਾਉਣ ਲਈ ਲੜੇ ਜਾ ਰਹੇ ਸੰਘਰਸ਼ ਲਈ ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ’ ਵਧਾਈ ਦਾ ਪਾਤਰ ਹੈ,ਜਿਸ ਵਿੱਚ ਵਿਦਿਆਰਥੀ, ਮੁਲਾਜ਼ਮ ਅਤੇ ਅਧਿਆਪਕ ਇਕੱਠੇ ਹੋ ਕੇ ਦਿਨ ਰਾਤ ਦਾ ਪੱਕਾ ਮੋਰਚਾ ਚਲਾ ਰਹੇ ਹਨ।

ਜਦੋਂ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਲੜਿਆ ਸੀ। ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਸੰਘਰਸ਼ ਵਿੱਚ ਸਾਥ ਦਿੱਤਾ ਜਾਵੇ।

ਇਸ ਮੌਕੇ ਹੋਰ ਵਿਦਿਆਰਥੀ ਸੰਗਠਨਾਂ ਦੇ ਆਗੂਆਂ ਨੇ ਵੀ ਵਿਚਾਰ ਰੱਖੇ ਤੇ ਕਿਹਾ ਕਿ ਸਰਕਾਰ ਸਿੱਖਿਆ ਦੇਣ ਦੇ ਆਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ। “ਬਦਲਾਅ” ਦੇ ਨਾਮ ਦੇ ਸੱਤਾ ਵਿੱਚ ਆਉਣ ਵਾਲੀ ਸਰਕਾਰ ਦਾ ਕਿਰਦਾਰ ਅੱਜ ਸਾਰੇ ਲੋਕਾਂ ਸਾਹਮਣੇ ਨੰਗਾ ਹੋ ਚੁੱਕਿਆ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਜੇ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਸਿੱਖਿਆ ਨੀਤੀ ਬਣਾਉਣ ਤੋਂ ਮੁਨਕਰ ਰਹਿੰਦੀ ਹੈ ਅਤੇ ਮੋਰਚੇ ਦੀਆਂ ਮੰਗਾਂ ਨਹੀਂ ਮੰਨਦੀ, ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਹਰ ਸੰਘਰਸ਼ ਵਿੱਚ ਸਾਥ ਦਿੰਦੇ ਰਹਿਣਗੇ।