India

ਹਾਥਰਸ ਮਾਮਲਾ : ਨਿਰਭਯਾ ਦਾ ਕੇਸ ਲੜਨ ਵਾਲੇ ਵਕੀਲ ਇੱਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ

‘ਦ ਖ਼ਾਲਸ ਬਿਊਰੋ:- ਯੂ.ਪੀ. ਦੇ ਹਾਥਰਸ ਵਿੱਚ ਵਾਪਰੀ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਨਿਰਭਯਾ ਕੇਸ  ‘ਚ ਜਿੰਨਾਂ ਦੋ ਵਕੀਲਾਂ ਨੇ ਅਦਾਲਤ ਵਿੱਚ ਕੇਸ ਦੀ ਪੈਰਵੀ ਕੀਤੀ ਸੀ, ਉਹ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਸਕਦੇ ਹਨ। ਨਿਰਭਯਾ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਵਾਲੀ ਐਡਵੋਕੇਟ ਸੀਮਾ ਸਮਰਿਧੀ ਕੁਸ਼ਵਾਹਾ ਨੇ ਹਾਥਰਸ ਕਾਂਡ ਦੀ ਪੀੜਤਾ ਦਾ ਕੇਸ ਲੜਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਨਿਰਭਯਾ ਮਾਮਲੇ ਵਿੱਚ ਮੁਲਜ਼ਮ ਦਾ ਕੇਸ ਲੜਨ ਵਾਲੇ ਐਡਵੋਕੇਟ ਏਪੀ ਸਿੰਘ ਨੇ ਹਾਥਰਸ ਮਾਮਲੇ ਦੇ ਮੁਲਜ਼ਮ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ ਹੈ।

ਐਡਵੋਕੇਟ ਏ ਪੀ ਸਿੰਘ ਨੇ ਕਿਹਾ ਹੈ ਕਿ ਮੁਲਜ਼ਮ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕੇਸ ਲੜਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਏ ਪੀ ਸਿੰਘ ਨੇ ਕਿਹਾ ਹੈ ਕਿ ਆਲ ਇੰਡੀਆ ਕਸ਼ਤਰੀਏ ਮਹਾਂਸਭਾ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਮਨਵੇਂਦਰ ਸਿੰਘ ਨੇ ਵੀ ਉਸਨੂੰ ਹਾਥਰਸ ਦੇ ਕੇਸ ਵਿੱਚ ਮੁਲਜ਼ਮਾਂ ਦਾ ਕੇਸ ਲੜਨ ਲਈ ਕਿਹਾ ਹੈ। ਮਨਵੇਂਦਰ ਸਿੰਘ ਦੁਆਰਾ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਲ ਇੰਡੀਆ ਕਸ਼ਤਰੀਏ ਮਹਾਂਸਭਾ ਪੈਸਾ ਇਕੱਤਰ ਕਰੇਗੀ ਅਤੇ ਵਕੀਲ ਏ ਪੀ ਸਿੰਘ ਦੀ ਫੀਸ ਅਦਾ ਕਰੇਗੀ।

ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਹਾਥਰਾਸ ਕੇਸ ਰਾਹੀਂ ਐਸਸੀ-ਐਸਟੀ ਐਕਟ ਦੀ ਦੁਰਵਰਤੋਂ ਕਰਕੇ, ਸਵਰਨ ਸਮਾਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜਿਸ ਨੇ ਰਾਜਪੂਤ ਸਮਾਜ ਨੂੰ ਵਿਸ਼ੇਸ਼ ਤੌਰ ‘ਤੇ ਠੇਸ ਪਹੁੰਚਾਈ ਹੈ।

ਕੇਸ ਤਬਦੀਲ ਕਰਨ ਦੀ ਕੀਤੀ ਮੰਗ

ਨਿਰਭਯਾ ਕੇਸ ਤੋਂ ਪੀੜਤ ਪਰਿਵਾਰ ਦੀ ਤਰਫੋਂ ਚਰਚਾ ਵਿੱਚ ਆਈ ਐਡਵੋਕੇਟ ਸੀਮਾ ਕੁਸ਼ਵਾਹਾ ਨੂੰ ਇਸ ਕੇਸ ਲਈ ਨਿਯੁਕਤ ਕੀਤਾ ਗਿਆ ਹੈ। ਉਸਨੇ ਵਕਾਲਤਨਾਮਾ ‘ਤੇ ਵੀ ਦਸਤਖਤ ਕੀਤੇ ਹਨ। ਸੀਮਾ ਕੁਸ਼ਵਾਹਾ ਨੇ ਕਿਹਾ ਹੈ ਕਿ ਉਹ ਜਲਦੀ ਹੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗੀ ਅਤੇ ਮੁਕੱਦਮਾ ਦਿੱਲੀ ਤਬਦੀਲ ਕਰਨ ਦੀ ਮੰਗ ਕਰੇਗੀ।

ਉਸਨੇ ਦੱਸਿਆ ਕਿ ਜਦ ਤੱਕ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਬਾਹਰ ਨਹੀਂ ਕੱਢਿਆ ਜਾਂਦਾ, ਹਾਥਰਸ ਦੀ ਧੀ ਨੂੰ ਇਨਸਾਫ ਨਹੀਂ ਮਿਲੇਗਾ। ਉਹ ਦੋਸ਼ੀਆਂ ਨੂੰ ਸਜਾ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਉਸਨੂੰ ਪੂਰੀ ਉਮੀਦ ਹੈ ਕਿ ਇੱਕ ਦਿਨ ਹਾਥਰਸ ਦੀ ਬੇਟੀ ਨੂੰ ਇਨਸਾਫ ਮਿਲੇਗਾ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ।