India

ਸ਼ੋਸ਼ਲ ਮੀਡੀਆ ਫੈਲਾਅ ਰਿਹਾ ਨਫਰਤ : ਸੋਨੀਆ ਗਾਂਧੀ

ਦ ਖ਼ਾਲਸ ਬਿਊਰੋ : ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਨੇ ਲੋਕ ਸਭਾ ਵਿੱਚ ਸਰਕਾਰ ਤੋਂ ਸ਼ੋਸ਼ਲ ਮੀਡੀਆ ਕੰਪਨੀਆਂ ਦੇ ਪ੍ਰਭਾਵ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚੋਣਾਂ ‘ਚ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਦੀ ਦਖਲਅੰਦਾਜ਼ੀ ਨੂੰ ਖਤਮ ਕਰਨ ਲਈ ਕਦਮ ਚੁੱਕੇ। ਗਾਂਧੀ ਨੇ ਕਿਹਾ ਕਿ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਗਲੋਬਲ ਕੰਪਨੀਆਂ ਦੀ ਵਰਤੋਂ ਸਿਆਸਤਦਾਨਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਬਿਆਨਬਾਜ਼ੀ ਲਈ ਕੀਤੀ ਜਾ ਰਹੀ ਹੈ।’

ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਮਨ ਨਫ਼ਰਤ ਨਾਲ ਭਰੇ ਜਾ ਰਹੇ ਹਨ। ਲੋਕਾਂ ਨੂੰ ਭਾਵੁਕਤਾ ਨਾਲ ਭਰੀ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਫੇਸਬੁੱਕ ਵਰਗੀਆਂ ਕੰਪਨੀਆਂ ਅਜਿਹੀਆਂ ਗਲਤ ਚੀਜ਼ਾਂ ਦਾ ਫਾਇਦਾ ਉਠਾ ਰਹੀਆਂ ਹਨ। ਇਸ ਦੌਰਾਨ ਸੋਨੀਆ ਗਾਂਧੀ ਨੇ ਸੋਸ਼ਲ ਮੀਡੀਆ ਕੰਪਨੀਆਂ, ਸਰਕਾਰ ਅਤੇ ਕਾਰਪੋਰੇਟ ਦੇ ਗਠਜੋੜ ਬਾਰੇ ਵੀ ਗੱਲ ਕੀਤੀ।
ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਫੇਸਬੁੱਕ ਦੀ ਮਿਲੀਭੁਗਤ ਨਾਲ ਸਮਾਜਿਕ ਸਦਭਾਵਨਾ ਭੰਗ ਹੋ ਰਹੀ ਹੈ ਅਤੇ ਜੋ ਸਾਡੇ ਲੋਕਤੰਤਰ ਲਈ ਖਤਰਨਾਕ ਹੈ।

ਸੋਨੀਆ ਗਾਂਧੀ ਨੇ ਲੋਕ ਸਭਾ ‘ਚ ਸਰਕਾਰ ਤੋਂ ਫੇਸਬੁੱਕ ਅਤੇ ਇਸ ਵਰਗੀਆਂ ਸੋਸ਼ਲ ਮੀਡੀਆ ਕੰਪਨੀਆਂ ਦੀ ਰਾਜਨੀਤੀ ‘ਚ ਦਖਲਅੰਦਾਜ਼ੀ ਬੰਦ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ, “ਇਹ ਪਾਰਟੀ ਅਤੇ ਰਾਜਨੀਤੀ ਤੋਂ ਪਰੇ ਹੈ। ਸੱਤਾ ਵਿੱਚ ਕੋਈ ਵੀ ਹੋਵੇ ਪਰ ਅਸੀਂ ਲੋਕਤੰਤਰ ਅਤੇ ਸਮਾਜਿਕ ਸਦਭਾਵਨਾ ਨੂੰ ਬਚਾਉਣਾ ਹੈ।