India Punjab

ਹਰਿਆਣਾ ਦੇ CM ਨੇ ਕਿਸ ਸ਼ਬਦ ਨੂੰ ਦੱਸਿਆ ‘ਪਵਿੱਤਰ’ ਤੇ ਕਿਸਨੇ ਕੀਤਾ ਬਦਨਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨੀ ਅੰਦੋਲਨ ‘ਤੇ ਬਿਆਨ ਦਿੰਦਿਆਂ ਕਿਹਾ ਕਿ ਕਿਸਾਨ ਪਵਿੱਤਰ ਸ਼ਬਦ ਸੀ, ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਬਦਨਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਔਰਤਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ। ਅੰਦੋਲਨ ਵਿੱਚ ਕਤਲ ਤੱਕ ਹੋ ਗਏ ਹਨ। ਸਥਾਨਕ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨਾਲ ਇਨ੍ਹਾਂ ਦਾ ਟਕਰਾਅ ਵੱਧਦਾ ਜਾ ਰਿਹਾ ਹੈ। ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ। ਜਿਸ ਦਿਨ ਟਕਰਾਅ ਹੋਇਆ, ਸਬਰ ਟੁੱਟ ਜਾਵੇਗਾ।

ਕਿਸਾਨ ਲੀਡਰ ਦਾ ਜਵਾਬ

ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਖੱਟਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਕੋਈ ਸ਼ਬਦ ਬਦਨਾਮ ਨਹੀਂ ਕੀਤਾ ਹੈ। ਕਿਸਾਨੀ ਅੰਦੋਲਨ ਬਦਨਾਮ ਨਹੀਂ, ਹੋਰ ਪਵਿੱਤਰ ਹੋ ਰਿਹਾ ਹੈ। ਇਹ ਜਾਣ-ਬੁੱਝ ਕੇ ਅੰਦੋਲਨ ਨੂੰ ਖਰਾਬ ਕਰ ਰਹੇ ਹਨ। ਇਹ ਟਕਰਾਅ ਕਰਕੇ ਵੇਖ ਲੈਣ, ਸਾਨੂੰ ਦੱਸ ਦੇਣ ਕਿ ਕਿੱਥੇ ਆਉਣਾ ਹੈ।

ਬੀਜੇਪੀ ਲੀਡਰ ਨੇ ਕੀਤਾ ਪਲਟਵਾਰ

ਭਾਜਪਾ ਲੀਡਰ ਰਮਨ ਮਲਿਕ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਿਸਾਨ ਲੀਡਰ ਰਾਜਨੀਤਿਕ ਪਾਰਟੀਆਂ ਵਿੱਚੋਂ ਲੜੇ ਹੋਏ ਲੋਕ ਹਨ। ਕਿਸਾਨਾਂ ‘ਤੇ ਕਿਸੇ ਨੇ ਬਲ ਦਾ ਪ੍ਰਯੋਗ ਨਹੀਂ ਕੀਤਾ। ਇਹ ਜਨਤਕ ਪ੍ਰਾਪਰਟੀ ‘ਤੇ ਕਬਜ਼ਾ ਜਮਾਈ ਬੈਠੇ ਹਨ। ਇਹ ਬੀਜੇਪੀ ਲੀਡਰਾਂ ਦੀ ਨਿੱਜੀ ਪ੍ਰਾਪਰਟੀ ਵਿੱਚ ਜਾ ਕੇ ਉਨ੍ਹਾਂ ਦਾ ਵਿਰੋਧ ਕਿਉਂ ਕਰਦੇ ਹਨ। ਅੰਦੋਲਨ ਵਿੱਚ ਚਿੱਟੇ ਦਾ ਇਸਤੇਮਾਲ ਹੁੰਦਾ ਹੈ, ਦਾਰੂ, ਸ਼ਰਾਬ ਪੀਤੀ ਜਾਂਦੀ ਹੈ। ਅਸੀਂ ਤਿੰਨ ਖੇਤੀ ਕਾਨੂੰਨ ਹਰ ਹਾਲ ਵਿੱਚ ਰੱਦ ਨਹੀਂ ਕਰਾਂਗੇ, ਤੁਸੀਂ ਸੁਪਰੀਮ ਕੋਰਟ ਵਿੱਚ ਜਾਉ।